ਜਿਮਨਾਸਟਿਕਸ ਵਿਸ਼ਵ ਕੱਪ ਅਰੁਣਾ ਰੈੱਡੀ ਨੇ ਕਾਂਸੀ ਦਾ ਤਮਗ਼ਾ ਜਿੱਤ ਕੇ ਰਚਿਆ ਇਤਿਹਾਸ

ਖ਼ਬਰਾਂ, ਖੇਡਾਂ

ਨਵੀਂ ਦਿੱਲੀ, 24 ਫ਼ਰਵਰੀ: ਭਾਰਤ ਦੀ ਅਰੁਣਾ ਬੁਡਾ ਰੈੱਡੀ ਨੇ ਜਿਮਨਾਸਟਿਕਸ ਵਿਸ਼ਵ ਕੱਪ 'ਚ ਕਾਂਸੀ ਦਾ ਤਮਗ਼ਾ ਜਿੱਤ ਕੇ ਇਤਿਹਾਸ ਰਚ ਦਿਤਾ ਹੈ। ਅਰੁਣ ਜਿਮਨਾਸਟਿਕਸ ਵਿਸ਼ਵ ਕੱਪ 'ਚ ਵਿਅਕਤੀਗਤ ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਜਿਮਨਾਸਟ ਹੈ, ਜਿਸ ਨੇ ਮੈਲਬਰਨ (ਆਸਟ੍ਰੇਲੀਆ) 'ਚ ਖੇਡੇ ਜਾ ਰਹੇ ਜਿਮਨਾਸਟਿਕਸ ਵਿਸ਼ਵ ਕੱਪ 'ਚ ਇਹ ਉਪਲਬਧੀ ਪ੍ਰਾਪਤ ਕੀਤੀ। 22 ਸਾਲਾ ਅਰੁਣਾ ਨੇ ਇਸ ਮੁਕਾਬਲੇ 'ਚ 13,649 ਦਾ ਸਕੋਰ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ 'ਚ ਅਰੁਣਾ ਤੋਂ ਅੱਗੇ ਸਲੋਵਾਨਿਆ ਦੀ ਜਾਸਾ ਕੈਸਲੇਫ਼ (ਸੋਨ ਤਮਗ਼ਾ) ਅਤੇ ਆਸਟ੍ਰੇਲੀਆ ਦੀ ਐਮਿਲੀ ਵਾਈਟਹੈੱਡ (ਚਾਂਦੀ ਦਾ ਤਮਗ਼ਾ) ਰਹੀਆਂ। ਭਾਰਤ ਦੀ ਹੀ ਪ੍ਰਾਂਤੀ ਨਾਇਕ ਨੇ 13,416 ਸਕੋਰ ਪ੍ਰਾਪਤ ਕੀਤੇ ਅਤੇ ਉਹ ਇਸ ਮੁਕਾਬਲੇ 'ਚ ਛੇਵੇਂ ਸਥਾਨ 'ਤੇ ਰਹੀ। ਜ਼ਿਕਰਯੋਗ ਹੈ ਕਿ ਅਰੁਣਾ ਰੈੱਡੀ ਕਰਾਟੇ ਟ੍ਰੇਨਰ ਅਤੇ ਸਾਬਕਾ ਬਲੈਕ ਬੈਲਟ ਖਿਡਾਰੀ ਵੀ ਰਹੀ ਹੈ। ਸਾਲ 2005 'ਚ ਰੈੱਡੀ ਨੇ ਜਿਮਨਾਸਟਿਕਸ 'ਚ ਪਹਿਲਾ ਕੌਮੀ ਤਮਗ਼ਾ ਜਿੱਤਿਆ ਸੀ। ਇਸ ਤੋਂ ਬਾਅਦ 2014 ਕਾਮਨਵੈਲਥ ਖੇਡਾਂ 'ਚ ਰੈੱਡੀ ਕੁਆਲੀਫ਼ੀਕੇਸ਼ਨ ਰਾਊਂਡ ਦੌਰਾਨ 14ਵੇਂ ਸਥਾਨ 'ਤੇ ਰਹੀ ਸੀ।

 ਏਸ਼ੀਅਨ ਖੇਡਾਂ 'ਚ ਉਹ ਨੌਵੇਂ ਸਥਾਨ 'ਤੇ ਰਹੀ ਸੀ ਅਤੇ ਸਾਲ 2017 'ਚ ਹੋਈ ਏਸ਼ੀਅਨ ਚੈਂਪੀਅਨਸ਼ਿਪ 'ਚ ਅਰੁਣਾ ਨੇ ਅਪਣਾ ਵਾਲਟ ਛੇਵੇਂ ਸਥਾਨ 'ਤੇ ਖ਼ਤਮ ਕੀਤਾ ਸੀ।ਜ਼ਿਕਰਯੋਗ ਹੈ ਕਿ ਭਾਰਤੀ ਜਿਮਨਾਸਟਿਕਸ ਪਹਿਲੀ ਵਾਰ ਉਦੋਂ ਚਰਚਾ 'ਚ ਆਇਆ ਸੀ, ਜਦੋਂ 2010 ਕਾਮਨਵੈਲਥ ਖੇਡਾਂ ਦੌਰਾਨ ਭਾਰਤ ਦੇ ਆਸ਼ੀਸ਼ ਕੁਮਾਰ ਨੇ ਇਸ ਮੁਕਾਬਲੇ 'ਚ ਦੇਸ਼ ਨੂੰ ਪਹਿਲਾ ਮੈਡਲ ਦਿਵਾਇਆ ਸੀ। ਆਸ਼ੀਸ਼ ਨੇ 2010 ਕਾਮਨਵੈਲਥ ਖੇਡਾਂ 'ਚ ਕਾਂਸੀ ਦਾ ਤਮਗ਼ਾ ਅਪਣੇ ਨਾਮ ਕੀਤਾ ਸੀ। ਇਸ ਤੋਂ 6 ਸਾਲਾਂ ਬਾਅਦ ਰੀਓ ਉਲੰਪਿਕ 2016 'ਚ ਜਿਮਨਾਸਟਿਕਸ 'ਚ ਕੁਆਲੀਫ਼ਾਈ ਕਰਨ ਵਾਲੀ ਦੀਪਾ ਕਰਮਕਾਰ ਪਹਿਲੀ ਭਾਰਤੀ ਖਿਡਾਰੀ ਸੀ। ਉਸ ਨੇ 52 ਸਾਲ 'ਚ ਪਹਿਲੀ ਵਾਰ ਭਾਰਤ ਲਈ ਇਸ ਮੁਕਾਬਲੇਬਾਜ਼ੀ 'ਚ ਕੁਆਲੀਫ਼ਾਈ ਕੀਤਾ ਸੀ, ਉਦੋਂ ਦੀਪਾ ਉਲੰਪਿਕ 'ਚ ਕਾਂਸੀ ਦਾ ਤਮਗ਼ਾ ਜਿੱਤਣ ਤੋਂ ਮਾਮੂਲੀ ਫ਼ਾਸਲੇ ਨਾਲ ਖੁੰਝ ਗਈ ਸੀ।   (ਏਜੰਸੀ)