ਨਵੀਂ ਦਿੱਲੀ, 17 ਫ਼ਰਵਰੀ: ਰਾਸ਼ਟਰਮੰਡਲ ਖੇਡ ਸੰਘ ਨੇ ਭਾਰਤ ਦੀ ਮੰਗ ਮੰਨਦਿਆਂ ਦੋ ਖੇਡਾਂ 'ਚ ਭਾਰਤੀ ਖਿਡਾਰੀਆਂ ਲਈ ਕੋਟਾ ਵਧਾ ਦਿਤਾ ਹੈ ਅਤੇ ਹੁਣ 225 ਖਿਡਾਰੀ ਆਸਟ੍ਰੇਲੀਆ 'ਚ 4 ਤੋਂ 15 ਅਪ੍ਰੈਲ ਤਕ ਹੋਣ ਵਾਲੀਆਂ ਕਾਮਨਵੈਲਥ ਖੇਡਾਂ 'ਚ ਭਾਰਤ ਦੀ ਅਗਵਾਈ ਕਰਨਗੇ।ਹਾਲਾਂ ਕਿ ਫ਼ੈਡਰੇਸ਼ਨ ਨੇ ਜਿੱਥੇ ਮੁੱਕੇਬਾਜ਼ੀ ਅਤੇ ਅਥਲੈਟਿਕਸ 'ਚ ਕੋਟਾ ਵਧਾਇਆ, ਉਥੇ ਹੀ ਜਿਮਨਾਸਟਿਕ, ਸ਼ੂਟਿੰਗ ਅਤੇ ਸਾਈਕਲਿੰਗ 'ਚ ਭਾਰਤ ਦਾ ਕੋਟਾ ਘਟਾ ਦਿਤਾ ਹੈ। ਜ਼ਿਕਰਯੋਗ ਹੈ ਕਿ 2014 ਗਲਾਸਗੋ ਕਾਮਨਵੈਲਥ 'ਚ 214 ਖਿਡਾਰੀਆਂ ਦੇ ਭਾਰਤੀ ਦਲ ਨੇ ਹਿੱਸਾ ਲਿਆ ਸੀ। ਜਾਣਕਾਰੀ ਮੁਤਾਬਕ ਭਾਰਤੀ ਉਲੰਪਿਕ ਸੰਘ ਅਤੇ ਭਾਰਤੀ ਮੁੱਕੇਬਾਜ਼ੀ ਸੰਘ ਨੇ ਰਾਸ਼ਟਰ ਮੰਡਲ ਖੇਡ ਫ਼ੈਡਰੇਸ਼ਨ (ਸੀ.ਜੀ.ਐਫ਼.) ਨੂੰ ਕੋਟਾ ਵਧਾਉਣ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਸੀ.ਜੀ.ਐਫ਼. ਨੇ ਭਾਰਤੀ ਕੋਟਾ 13 ਤੋਂ ਘਟਾ ਕੇ 10 ਕਰ ਦਿਤਾ ਸੀ। ਬਾਅਦ 'ਚ ਵਿਚਾਰ ਕਰ ਕੇ ਕੋਟਾ 12 ਕਰ ਦਿਤਾ ਗਿਆ। ਇਸ ਦਾ ਮਤਲਬ ਮਹਿਲਾ ਵਰਗ 'ਚ ਭਾਰਤ ਇਕ ਵਾਧੂ ਮਹਿਲਾ ਮੁੱਕੇਬਾਜ਼ ਨੂੰ ਭੇਜ ਸਕਦਾ ਹੈ।
ਗਲਾਸਗੋ ਕਾਮਨਵੈਲਥ 'ਚ ਭਾਰਤ ਨੇ ਤਿੰਨ ਮਹਿਲਾ ਮੁੱਕੇਬਾਜ਼ਾਂ ਨੂੰ ਭੇਜਿਆ ਸੀ। ਉਥੇ ਹੀ ਅਥਲੈਟਿਕਸ 'ਚ ਸੀ.ਜੀ.ਐਫ਼. ਤੋਂ ਭਾਰਤ ਨੂੰ ਸੱਤ ਜ਼ਿਆਦਾ ਕੋਟਾ ਦਿਤਾ, ਜਿਸ 'ਚ ਗਲਾਸਗੋ ਦੀ ਤੁਲਨਾ 5 ਜ਼ਿਆਦਾ ਖਿਡਾਰੀ ਇਸ ਵਾਰ ਭਾਰਤੀ ਦਲ ਦਾ ਹਿੱਸਾ ਬਣਨਗੇ।ਜ਼ਿਕਰਯੋਗ ਹੈ ਕਿ ਸੀ.ਜੀ.ਐਫ਼. ਨੇ ਬਾਕਸਿੰਗ 'ਚ ਜੋ ਕੋਟਾ ਵਧਾਇਆ ਹੈ ਉਹ ਭਾਰਤ ਦੀ ਮੰਗ ਤੋਂ ਅਜੇ ਵੀ ਇਕ ਘੱਟ ਹੈ ਪਰ ਇਹ ਗਲਾਸਗੋ 'ਚ ਭੇਜੇ ਗਏ ਮੁਕੇਬਾਜ਼ਾਂ ਦੇ ਦਲ ਦੇ ਮੁਕਾਬਲੇ ਇਕ ਜ਼ਿਆਦਾ ਹੈ। ਗਲਾਸਗੋ 'ਚ ਭਾਰਤ ਦੇ 11 ਮੁੱਕੇਬਾਜ਼ਾਂ ਦਾ ਦਲ ਭੇਜਿਆ ਗਿਆ ਸੀ। ਇਸੇ ਤਰ੍ਹਾਂ ਹੀ ਸੀ.ਜੀ.ਐਫ਼. ਨੇ ਅਥਲੈਟਿਕਸ 'ਚ ਵੀ ਕੋਟਾ ਵਧਾਇਆ ਹੈ। ਅਥਲੈਟਿਕਸ 'ਚ ਇਸ ਵਾਰ ਕੁਲ 37 ਐਥਲੀਟ ਭੇਜੇ ਜਾ ਸਕਣਗੇ। ਗਲਾਸਗੋ 'ਚ ਭਾਰਤ ਨੇ 32 ਐਥਲੀਟ ਭੇਜੇ ਸਨ। ਬਾਸਕਿਟਬਾਲ 'ਚ ਵੀ ਭਾਰਤ ਦੇ 24 ਖਿਡਾਰੀ ਜਾਣਗੇ। (ਏਜੰਸੀ)