ਕਾਮਨਵੈਲਥ ਖੇਡਾਂ ਲਈ ਭਾਰਤੀ ਹਾਕੀ ਟੀਮ ਦਾ ਐਲਾਨ

ਖ਼ਬਰਾਂ, ਖੇਡਾਂ

ਨਵੀਂ ਦਿੱਲੀ, 13 ਮਾਰਚ : ਹਾਕੀ ਇੰਡੀਆ ਨੇ ਮੰਗਲਵਾਰ ਨੂੰ ਕਾਮਨਵੈਲਥ ਖੇਡਾਂ ਲਈ 18 ਮੈਂਬਰੀ ਟੀਮ ਦਾ ਐਲਾਨ ਕਰ ਦਿਤਾ ਹੈ। ਸੀਨੀਅਰ ਸਰਦਾਰ ਸਿੰਘ ਨੂੰ ਟੀਮ ਤੋਂ ਬਾਹਰ ਕਰ ਦਿਤਾ ਗਿਆ ਹੈ। ਪਿਛਲੇ ਦਿਨੀਂ ਸਰਦਾਰ ਸਿੰਘ ਦੀ ਕਪਤਾਨੀ ਵਿਚ ਭਾਰਤੀ ਟੀਮ ਅਜਲਾਨ ਸ਼ਾਹ ਹਾਕੀ ਟੂਰਨਾਮੈਂਟ ਦੀ ਖਿਤਾਬੀ ਦੌੜ ਵਿਚ ਨਹੀਂ ਪਹੁੰਚ ਪਾਈ ਸੀ ਅਤੇ ਉਸ ਨੂੰ ਪੰਜਵੇਂ ਸਥਾਨ ਨਾਲ ਸਬਰ ਕਰਨਾ ਪਿਆ ਸੀ।
21ਵੀਆਂ ਰਾਸ਼ਟਰਮੰਡਲ ਖੇਡਾਂ ਦਾ ਪ੍ਰਬੰਧ ਆਸਟਰੇਲੀਆ ਦੇ ਗੋਲਡ ਕੋਸਟ ਵਿਚ 4 ਤੋਂ 15 ਅਪ੍ਰੈਲ ਦਰਮਿਆਨ ਹੋਵੇਗਾ। ਭਾਰਤੀ ਟੀਮ ਨੂੰ ਪਾਕਿਸਤਾਨ, ਮਲੇਸ਼ੀਆ, ਵੇਲਸ ਅਤੇ ਇੰਗਲੈਂਡ ਨਾਲ ਪੂਲ-ਬੀ ਵਿਚ ਰੱਖਿਆ ਗਿਆ ਹੈ। ਮਨਪ੍ਰੀਤ ਸਿੰਘ ਦੀ ਕਪਤਾਨੀ ਵਿਚ ਭਾਰਤੀ ਟੀਮ 7 ਅਪ੍ਰੈਲ ਨੂੰ ਪਾਕਿਸਤਾਨ ਖਿਲਾਫ ਮੈਚ ਤੋਂ ਅਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਪਿਛਲੇ ਦੋ ਰਾਸ਼ਟਰਮੰਡਲ ਖੇਡਾਂ (2010, 2014) ਵਿਚ ਭਾਰਤ ਉਪ-ਜੇਤੂ ਰਿਹਾ ਹੈ। ਹੁਣ ਤਕ ਭਾਰਤ ਨੂੰ ਇਸ ਟੂਰਨਾਮੈਂਟ 'ਚੋਂ ਗੋਲਡ ਮੈਡਲ ਨਹੀਂ ਮਿਲਿਆ ਹੈ।ਮਨਪ੍ਰੀਤ ਦੀ ਕਪਤਾਨੀ ਵਿਚ ਭਾਰਤ ਨੇ 2017 ਏਸ਼ੀਆ ਕੱਪ ਵਿਚ ਸੋਨੇ ਦਾ ਤਮਗ਼ਾ ਅਤੇ ਭੁਵਨੇਸ਼ਵਰ ਵਿਚ ਹਾਕੀ ਵਿਸ਼ਵ ਲੀਗ ਫ਼ਾਈਨਲ ਵਿਚ ਕਾਂਸੀ ਦਾ ਤਮਗ਼ਾ ਜਿਤਿਆ ਸੀ। ਸੀਨੀਅਰ ਗੋਲਕੀਪਰ ਸ੍ਰੀਜੇਸ਼ ਸੱਟ ਤੋਂ ਉੱਭਰ ਕੇ ਪਰਤੇ ਹਨ। ਉਨ੍ਹਾਂ ਦਾ ਸਾਥ 22 ਸਾਲ ਦੇ ਸੂਰਜ ਕਰਕੇਰਾ ਦੇਣਗੇ, ਜਿਨ੍ਹਾਂ ਨੇ ਪਿਛਲੇ ਸਾਲ ਭੁਵਨੇਸ਼ਵਰ ਵਿਚ ਵਧੀਆ ਪ੍ਰਦਰਸ਼ਨ ਕੀਤਾ ਸੀ।