ਕਪਤਾਨ ਕੋਹਲੀ ਨੂੰ ਮਿਲਣ ਪਹੁੰਚੀ ਮਹਿਲਾ ਵਿਸ਼ਵ ਕੱਪ ਦੀ ਸਟਾਰ ਹਰਮਨਪ੍ਰੀਤ

ਖ਼ਬਰਾਂ, ਖੇਡਾਂ



ਨਵੀਂ ਦਿੱਲੀ, 29 ਸਤੰਬਰ: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਪ੍ਰਸ਼ੰਸਕ ਦੁਨੀਆਂ ਦੇ ਹਰ ਕੋਨੇ 'ਚ ਮੌਜੂਦ ਹਨ। ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਇਸ ਗਿਣਤੀ 'ਚ ਸ਼ਾਮਲ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਰਹੀ ਭਾਰਤੀ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਵੀ ਕੋਹਲੀ ਦੀ ਵੱਡੀ ਫ਼ੈਨ ਹੈ। ਉਨ੍ਹਾਂ ਦੀ ਚਾਹਤ ਸੀ ਕਿ ਉਹ ਕੋਹਲੀ ਵਰਗੇ ਵੱਡੇ ਖਿਡਾਰੀ ਦੇ ਨਾਲ ਮਿਲੇ। ਹਰਮਨਪ੍ਰੀਤ ਨੇ ਵੀਰਵਾਰ ਨੂੰ ਬੈਂਗਲੁਰੂ ਸਟੇਡੀਅਮ ਵਿਚ ਆਸਟਰੇਲੀਆ ਵਿਰੁਧ ਹੋਏ ਚੌਥੇ ਇਕ ਰੋਜ਼ਾ ਮੈਚ ਤੋਂ ਬਾਅਦ ਕੋਹਲੀ ਨਾਲ ਮੁਲਾਕਾਤ ਕਰ ਕੇ ਅਪਣੀ ਖੁਆਇਸ਼ ਪੂਰੀ ਕੀਤੀ।

ਹਰਮਨਪ੍ਰੀਤ ਦੇ ਨਾਲ-ਨਾਲ ਬੱਲੇਬਾਜ਼ ਸਮ੍ਰਿਤੀ ਮਧਾਨਾ ਵੀ ਕੋਹਲੀ ਨਾਲ ਮਿਲੀ ਅਤੇ ਉਨ੍ਹਾਂ ਨੂੰ ਹੱਥ ਮਿਲਾਇਆ। ਕੋਹਲੀ ਨਾਲ ਮਿਲਣ ਤੋਂ ਬਾਅਦ ਇਨ੍ਹਾਂ ਦੋਨਾਂ ਮਹਿਲਾ ਕ੍ਰਿਕਟਰਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਸਾਫ਼ ਝਲਕ ਰਹੀ ਸੀ। ਉਥੇ ਹੀ ਕੋਹਲੀ ਵੀ ਉਨ੍ਹਾਂ ਨਾਲ ਕੁੱਝ ਸਮੇਂ ਤਕ ਗੱਲਬਾਤ ਕਰਦੇ ਨਜ਼ਰ ਆਏ।

ਮਹਿਲਾ ਵਿਸ਼ਵ ਕੱਪ ਵਿਚ ਕੀਤਾ ਸੀ ਲਾਜਵਾਬ ਪ੍ਰਦਰਸ਼ਨ ਇੰਗਲੈਂਡ ਵਿਚ ਹੋਏ ਮਹਿਲਾ ਵਿਸ਼ਵ ਕੱਪ ਦੌਰਾਨ ਇਨ੍ਹਾਂ ਦੋਨਾਂ ਕ੍ਰਿਕਟਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਜਿਸਦੀ ਬਦੌਲਤ ਭਾਰਤ ਫ਼ਾਈਨਲ ਵਿਚ ਪਹੁੰਚਿਆ ਸੀ। ਹਰਮਨਪ੍ਰੀਤ ਨੇ ਸੈਮੀਫ਼ਾਈਨਲ ਵਿਚ ਆਸਟਰੇਲੀਆ ਖ਼ਿਲਾਫ਼ ਅਜੇਤੂ 171 ਦੌੜਾਂ ਦੀ ਪਾਰੀ ਖੇਡੀ ਸੀ।