ਕੌਮਾਂਤਰੀ ਮੁੱਕੇਬਾਜ਼ ਜਤਿੰਦਰ ਮਾਨ ਦੀ ਹਤਿਆ ਦੇ ਮਾਮਲੇ 'ਚ ਤਿੰਨ ਗ੍ਰਿਫ਼ਤਾਰ

ਖ਼ਬਰਾਂ, ਖੇਡਾਂ

ਨੋਇਡਾ, 18 ਜਨਵਰੀ: ਕੌਮਾਂਤਰੀ ਮੁੱਕੇਬਾਜ਼ ਜਤਿੰਦਰ ਮਾਨ ਦੀ ਹੱਤਿਆ  ਦੇ ਮਾਮਲੇ 'ਚ ਥਾਣਾ ਸੂਰਜਪੁਰ ਪੁਲਿਸ ਨੇ ਇਕ ਲੜਕੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਐਸ.ਪੀ. ਗ੍ਰਾਮੀਣ ਸੁਨੀਤੀ ਸਿੰਘ ਨੇ ਦਸਿਆ ਕਿ ਸੂਰਜਪੁਰ ਥਾਣਾ ਇਲਾਕੇ ਦੀ ਏ.ਵੀ.ਜੇ. ਹਾਈਟ ਸੁਸਾਇਟੀ 'ਚ ਰਹਿਣ ਵਾਲੇ ਮੁੱਕੇਬਾਜ਼ ਜਤਿੰਦਰ ਮਾਨ ਦੀ 10 ਜਨਵਰੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਉਸ ਦੀ ਦੇਹ 14 ਜਨਵਰੀ ਨੂੰ ਉਸ ਦੇ ਫ਼ਲੈਟ ਤੋਂ ਮਿਲੀ ਸੀ।ਮਾਮਲੇ ਦੀ ਜਾਂਚ ਕਰ ਰਹੀ ਥਾਣਾ ਸੂਰਜਪੁਰ ਪੁਲਿਸ ਨੇ ਅੱਜ ਮੁੱਕੇਬਾਜ਼ ਦੀ ਦੋਸਤ ਸ਼੍ਰਿਸਟੀ ਗੁਪਤਾ ਸਮੇਤ ਤਿੰਲ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਚੱਲਿਆ ਕਿ ਮੁੱਕੇਬਾਜ਼ ਅਤੇ ਲੜਕੀ ਦਰਮਿਆਨ ਸਬੰਧ ਸਨ। ਮੁੱਕੇਬਾਜ਼ ਨੇ ਲੜਕੀ ਦੀ ਅਸ਼ਲੀਲ ਵੀਡੀਉ ਬਣਾ ਲਈ ਸੀ, ਜਿਸ ਨੂੰ ਉਹ ਡਿਲੀਟ ਕਰਨ ਲਈ ਦਬਾਅ ਬਣਾ ਰਹੀ ਸੀ। ਮੁੱਕੇਬਾਜ਼ ਵਲੋਂ ਵੀਡੀਉ ਡਿਲੀਟ ਨਾ ਕਰਨ ਦੇ ਵਿਵਾਦ 'ਚ ਲੜਕੀ ਨੇ ਉਸ ਦੀ ਕਥਿਤ ਤੌਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ। 

ਪੁੱਛਗਿੱਛ ਦੌਰਾਨ ਲੜਕੀ ਨੇ ਪੁਲਿਸ ਨੂੰ ਦਸਿਆ ਕਿ ਜਤਿੰਦਰ ਮਾਨ ਉਸ ਨੂੰ ਨਿੱਜੀ ਤੌਰ 'ਤੇ ਜਿੰਮ ਦੀ ਟ੍ਰੇਨਿੰਗ ਦਿੰਦਾ ਸੀ। ਇਸੇ ਦੌਰਾਨ ਉਨ੍ਹਾਂ ਦੋਵਾਂ ਦਰਮਿਆਨ ਜਿਸਮਾਨੀ ਸਬੰਧ ਬਣ ਗਏ ਅਤੇ ਮਾਨ ਨੇ ਉਸ ਦੀ ਅਸ਼ਲੀਲ ਵੀਡੀਉ ਬਣਾ ਲਈ, ਜਿਸ ਦੇ ਆਧਾਰ 'ਤੇ ਉਹ ਉਸ ਨੂੰ ਬਲੈਕਮੇਲ ਕਰਨ ਲਗਿਆ ਸੀ।ਐਸ.ਪੀ. ਸੁਨੀਤੀ ਸਿੰਘ ਨੇ ਦਸਿਆ ਕਿ ਇਸ ਗੱਲ ਤੋਂ ਪ੍ਰੇਸ਼ਾਨ ਲੜਕੀ ਨੇ ਅਪਣੇ ਮਿੱਤਰ ਖ਼ੁਰਜਾ ਦੇ ਰਹਿਣ ਵਾਲੇ ਇਮਰਾਨ ਤੋਂ ਇਕ ਪਿਸਤੌਲ ਲਿਆ ਤੇ ਘਟਨਾ ਵਾਲੇ ਦਿਨ ਲੜਕੀ ਮਾਨ ਦੇ ਫ਼ਲੈਟ 'ਤੇ ਪਹੁੰਚੀ। ਉਸ ਨੇ ਮਾਨ ਨੂੰ ਵੀਡੀਓ ਡਿਲੀਟ ਕਰਨ ਲਈ ਕਿਹਾ ਪਰ ਉਹ ਨਹੀਂ ਮੰਨਿਆ। ਇਸੇ ਦਰਮਿਆਨ ਉਸ ਨੇ ਪਿਸਤੌਲ ਨਾਲ ਉਸ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ। ਇਸ ਘਟਨਾ 'ਚ ਸ਼ਿਸਟੀ ਗੁਪਤਾ, ਇਮਰਾਨ ਅਤੇ ਨਫ਼ੀਸ ਸ਼ਾਮਲ ਸਨ। ਪੁਲਿਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਨ ਦਾ ਲੁਟਿਆ ਹੋਇਆ ਮੋਬਾਈਲ ਅਜੇ ਤਕ ਬਰਾਮਦ ਨਹੀਂ ਹੋਇਆ ਹੈ। (ਪੀਟੀਆਈ)