ਨਵੀਂ ਦਿੱਲੀ,
25 ਸਤੰਬਰ: ਖੇਡ ਮੰਤਰਾਲੇ ਨੇ ਉਲੰਪਿਕ 'ਚ ਸਿਲਵਰ ਮੈਡਲ ਜੇਤੂ ਬੈਡਮਿੰਟਨ ਖਿਡਾਰੀ
ਪੀ.ਵੀ. ਸਿੰਧੂ ਦੇ ਨਾਮ ਦੀ ਸਿਫ਼ਾਰਸ਼ ਅੱਜ ਇੱਥੇ ਦੇਸ਼ ਦੇ ਤੀਜੇ ਸਰਵਉੱਚ ਨਾਗਰਿਕ ਸਨਮਾਨ
ਪਦਮ ਭੂਸ਼ਣ ਲਈ ਕੀਤੀ। ਖੇਡ ਮੰਤਰਾਲੇ ਦੇ ਅਧਿਕਾਰੀ ਨੇ ਦਸਿਆ ਕਿ ਅਸੀਂ ਪਦਮ ਭੂਸ਼ਣ ਲਈ
ਸਿੰਧੂ ਦੇ ਨਾਮ ਦੀ ਸਿਫ਼ਾਰਸ਼ ਕੀਤੀ ਹੈ। ਵਿਸ਼ਵ ਚੈਂਪੀਅਨਸ਼ਿਪ ਦੀ ਦੋ ਵਾਰ ਦੀ ਕਾਂਸੀ ਦਾ
ਤਗ਼ਮਾ ਜੇਤੂ ਸਿੰਧੂ ਨੇ ਪਿਛਲੇ ਸਾਲ ਰਿਓ ਉਲੰਪਿਕ ਦੌਰਾਨ ਸਿਲਵਰ ਮੈਡਲ ਜਿੱਤਣ ਵਾਲੀ
ਪਹਿਲੀ ਭਾਰਤੀ ਖਿਡਾਰਨ ਬਣਨ ਤੋਂ ਬਾਅਦ ਤੋਂ ਪਿੱਛੇ ਮੁੜ ਕੇ ਨਹੀਂ ਦੇਖਿਆ ਹੈ।
ਹੈਦਰਾਬਾਦ ਦੀ ਇਸ 22 ਸਾਲ ਦੀ ਖਿਡਾਰੀ ਨੇ 2016 ਚੀਨ ਓਪਨ ਸੀਰੀਜ਼ ਪ੍ਰੀਮੀਅਰ, ਇੰਡੀਆ ਓਪਨ ਸੁਪਰ ਸੀਰੀਜ਼ ਤੋਂ ਇਲਾਵਾ ਪਿਛਲੇ ਮਹੀਨੇ ਗਲਾਸਗੋ ਵਿਸ਼ਵ ਚੈਂਪਅਨਸ਼ਿਪ 'ਚ ਸਿਲਵਰ ਮੈਡਲ ਜਿੱਤਿਆ। ਉਹ ਇਸ ਮਹੀਨੇ ਕੋਰੀਆ ਓਪਨ 'ਚ ਅਪਣਾ ਤੀਜਾ ਸੁਪਰ ਸੀਰੀਜ਼ ਖਿਤਾਬ ਵੀ ਜਿੱਤਣ 'ਚ ਸਫ਼ਲ ਰਹੀ। ਸਿੰਧੂ ਨੇ ਇਸ ਸਾਲ ਲਖਨਊ 'ਚ ਸੱਯਦ ਮੋਦੀ ਗ੍ਰਾਂ ਪ੍ਰੀ ਗੋਲਡ ਟੂਰਨਾਮੈਂਟ ਵੀ ਜਿੱਤਿਆ।
ਇਸ
ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸਿੰਧੂ ਨੇ ਪਿਛਲੇ ਹਫ਼ਤੇ ਵੀ ਨੰਬਰ ਦੋ ਰੈਂਕਿੰਗ ਪ੍ਰਾਪਤ
ਕੀਤੀ। ਸਿੰਧੂ ਨੇ 2014 'ਚ ਰਾਸ਼ਟਰ ਮੰਡਲ ਖੇਡਾਂ, ਇੰਚੀਯੋਨ ਏਸ਼ੀਆਈ ਖੇਡਾਂ, ਉਬੇਰ ਕੱਪ
ਅਤੇ ਏਸ਼ੀਆ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। (ਏਜੰਸੀ)