ਪਹਿਲੇ ਟੈਸਟ ਮੈਚ 'ਚ ਭਾਰਤ ਦੀ ਸ਼ਰਮਨਾਕ ਹਾਰ

ਖ਼ਬਰਾਂ, ਖੇਡਾਂ


ਕੇਪਟਾਊਨ,  8 ਜਨਵਰੀ : ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਦੱਖਣ ਅਫ਼ਰੀਕਾ ਨੇ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ 'ਚ ਭਾਰਤੀ ਕ੍ਰਿਕਟ ਟੀਮ ਨੂੰ 72 ਦੌੜਾਂ ਨਾਲ ਹਰਾ ਦਿਤਾ। ਭਾਰਤੀ ਟੀਮ ਅਪਣੀ ਚੌਥੀ ਪਾਰੀ ਵਿਚ 42.3 ਉਵਰਾਂ 'ਚ 135 ਦੌੜਾਂ 'ਤੇ ਢੇਰ ਹੋ ਗਈ। ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਇੰਨਾ ਸ਼ਰਮਨਾਕ ਰਿਹਾ ਕਿ ਦੋਹਾਂ ਹੀ ਪਾਰੀਆਂ 'ਚ ਭਾਰਤੀ ਟੀਮ 100 ਦੌੜਾਂ ਤੋਂ ਪਹਿਲਾਂ ਅਪਣੇ 7 ਵਿਕਟਾਂ ਗੁਆ ਚੁਕੀ ਸੀ। ਦੱਖਣ ਅਫ਼ਰੀਕੀ ਟੀਮ ਨੇ ਲੜੀ 'ਚ 1-0 ਦਾ ਵਾਧਾ ਪ੍ਰਾਪਤ ਕਰ ਲਿਆ। ਵੇਰਨ ਫਿਲੈਂਡਰ ਨੂੰ 'ਮੈਨ ਆਫ਼ ਦੀ ਮੈਚ' ਚੁਣਿਆ ਗਿਆ।ਚੌਥੇ ਦਿਨ 208 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਕਾਫੀ ਖ਼ਰਾਬ ਰਹੀ। ਸਲਾਮੀ ਬੱਲੇਬਾਜ਼ੀ ਸ਼ਿਖਰ ਧਵਨ (16) ਅਤੇ ਮੁਰਲੀ ਵਿਜੈ (13) ਦੌੜਾਂ ਬਣਾ ਕੇ ਆਊਟ ਹੋ ਗਏ। ਕੁਝ ਦੇਰ ਬਾਅਦ ਚੇਤੇਸ਼ਵਰ ਪੁਜਾਰਾ 4 ਦੌੜ ਬਣਾ ਕੇ ਮੋਰਕਲ ਦੀ ਗੇਂਦ 'ਤੇ ਆਊਟ ਹੋ ਗਏ। ਕਪਤਾਨ ਵਿਰਾਟ ਕੋਹਲੀ 28 ਅਤੇ ਰੋਹਿਤ ਸ਼ਰਮਾ 10 ਦੌੜਾਂ ਬਣਾ ਕੇ ਆਊਟ ਹੋਏ। ਇਸ ਮਗਰੋਂ ਹਾਰਦਿਕ ਪੰਡਯਾ ਵੀ ਕੁੱਝ ਖ਼ਾਸ ਨਹੀਂ ਕਰ ਸਕੇ ਅਤੇ ਸਿਰਫ਼ 1 ਦੌੜ ਬਣਾ ਕੇ ਰਬਾੜਾ ਦੀ ਗੇਂਦ 'ਤੇ ਆਊਟ ਹੋ ਗਏ। ਹਾਲਾਂਕਿ ਰਵੀਚੰਦਰਨ ਅਸ਼ਵਿਨ ਨੇ ਚੰਗੇ ਸ਼ਾਟ ਖੇਡ ਕੇ ਕੁੱਝ ਉਮੀਦਾਂ ਜਗਾਈਆਂ, ਪਰ ਉਹ ਵੀ 37 ਦੌੜਾਂ ਬਣਾ ਕੇ ਆਊਟ ਹੋ ਗਏ। ਫਿਲੈਂਡਰ ਨੇ 6 ਵਿਕਟਾਂ ਲਈਆਂ, ਜਦਕਿ ਮੋਰਕਲ ਅਤੇ ਰਬਾੜਾ ਨੂੰ 2-2 ਵਿਕਟਾਂ ਮਿਲੀਆਂ।