ਪੰਜ ਸੋਨ ਤਮਗ਼ੇ ਜਿੱਤ ਕੇ ਭਾਰਤ ਪਹਿਲੀ ਵਾਰ ਬਣਿਆ ਚੈਂਪੀਅਨ

ਖ਼ਬਰਾਂ, ਖੇਡਾਂ

ਗੁਹਾਟੀ, 27 ਨਵੰਬਰ: ਭਾਰਤ ਇੱਥੇ ਏ.ਆਈ.ਬੀ.ਏ. ਵਿਸ਼ਵ ਮਹਿਲਾ ਨੌਜਵਾਨ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫ਼ਾਈਨਲਸ ਦੇ ਪਹਿਲੇ ਦਿਨ ਪੰਜ ਸੋਨ ਤਮਗ਼ੇ ਅਪਣੀ ਝੋਲੀ 'ਚ ਪਾ ਕੇ ਪਹਿਲੀ ਵਾਰ ਓਵਰਆਲ ਚੈਂਪੀਅਨ ਬਣਨ 'ਚ ਸਫ਼ਲ ਰਿਹਾ। ਨੀਤੂ (48 ਕਿਲੋਗ੍ਰਾਮ), ਜੋਤੀ ਗੁਲੀਆ (51 ਕਿਲੋਗ੍ਰਾਮ), ਸਾਕਸ਼ੀ ਚੌਧਰੀ (54 ਕਿਲੋਗ੍ਰਾਮ), ਸ਼ਸੀ ਚੋਪੜਾ (57 ਕਿਲੋਗ੍ਰਾਮ) ਅਤੇ ਅੰਕੁਸ਼ਿਤਾ ਬੋਰੋ (64 ਕਿਲੋਗ੍ਰਾਮ) ਨੇ ਸੋਨ ਤਮਗ਼ੇ ਜਿੱਤੇ, ਜਿਸ ਨਾਲ ਭਾਰਤ ਨੇ ਫ਼ਾਈਨਲਸ ਦੇ ਪਹਿਲੇ ਦਿਨ ਕੁਲੀਨ ਸਵੀਪ ਕੀਤਾ। ਇਸ 'ਚ ਹਾਲਾਂ ਕਿ ਦਰਸ਼ਕਾਂ ਦੇ ਸਟੈਂਡ 'ਚ ਥੋੜ੍ਹੀ ਅੱਗ ਲੱਗ ਕਾਰਨ 45 ਮਿੰਟ ਲਈ ਰੁਕਾਵਟ ਜ਼ਰੂਰ ਆਈ ਸੀ।ਇਸ ਨਾਲ ਜੋਤੀ ਨੇ ਅਗਲੇ ਸਾਲ ਅਰਜਟੀਨਾਂ 'ਚ ਹੋਣ ਵਾਲੀਆਂ ਨੌਜਵਾਨ ਉਲੰਪਿਕ ਖੇਡਾਂ ਲਈ ਵੀ ਕੁਆਲੀਫ਼ਾਈ ਕੀਤਾ, ਕਿਉਂ ਕਿ ਉਸ ਦਾ ਪ੍ਰਦਰਸ਼ਨ ਸ਼ਾਨਦਾਰ ਸੀ ਅਤੇ ਉਸ ਦਾ ਜਨਮ 1999 ਤੋਂ ਬਾਅਦ ਦਾ ਹੈ। ਇਸ ਤੋਂ ਇਲਾਵਾ ਨੇਹਾ ਯਾਦਵ (81 ਕਿਲੋਗ੍ਰਾਮ ਤੋਂ ਜ਼ਿਆਦਾ) ਅਤੇ 

ਅਨੁਪਮਾ (81 ਕਿਲੋਗ੍ਰਾਮ) ਨੇ ਦੋ ਕਾਂਸੀ ਦੇ ਤਮਗ਼ੇ ਜਿੱਤੇ, ਜਿਸ ਨਾਲ ਭਾਰਤ ਨੇ ਇਸ ਟੂਰਨਾਮੈਂਟ 'ਚ ਅਪਣਾ ਸਰਵੋਤਮ ਪ੍ਰਦਰਸ਼ਨ ਕੀਤਾ। ਸਥਾਨਕ ਮੁੱਕੇਬਾਜ਼ ਅੰਕੁਸ਼ਿਤਾ ਨੂੰ ਟੂਰਨਾਮੈਂਟ ਦੀ ਸਰਵੋਤਮ ਮੁੱਕੇਬਾਜ ਚੁਣਿਆ ਗਿਆ। ਭਾਰਤ ਨੇ ਟੂਰਨਾਮੈਂਟ ਦੇ ਪਿਛਲੇ ਪੜਾਅ 'ਚ ਮਹਿਜ਼ ਇਕ ਕਾਂਸੀ ਦਾ ਤਮਗ਼ਾ ਜਿੱਤਿਆ ਸੀ ਅਤੇ 2011 ਤੋਂ ਬਾਅਦ ਤੋਂ ਸੋਨ ਤਮਗ਼ਾ ਨਹੀਂ ਜਿੱਤਿਆ ਸੀ, ਜਿਸ 'ਚ ਸਰਜੂਬਾਲਾ ਦੇਵੀ ਨੇ ਸੋਨੇ ਦਾ ਤਮਗ਼ਾ ਪ੍ਰਾਪਤ ਕੀਤਾ ਸੀ।ਭਾਰਤੀ ਮੁੱਕੇਬਾਜੀ ਮਹਾਂਸੰਘ ਦੇ ਮੁਖੀ ਅਜੇ ਸਿੰਘ ਨੇ ਕਿਹਾ ਕਿ ਅਸੀਂ ਇੱਥੇ ਤੋਕਿਓ ਉਲੰਪਿਕ 'ਚ ਭਾਰਤ ਲਈ ਸੰਭਾਵਤ ਉਲੰਪਿਕ ਤਮਗ਼ਾਧਾਰੀਆਂ ਨੂੰ ਦੇਖ ਰਹੇ ਹਾਂ। ਇਹ ਸ਼ਾਨਦਾਰ ਪ੍ਰਰਦਰਸ਼ਨ ਰਿਹਾ ਅਤੇ ਗੁਹਾਟੀ ਨੇ ਸ਼ਾਨਦਾਰ ਮੇਜਬਾਨੀ ਕੀਤੀ। ਉਨ੍ਹਾਂ ਨੇ ਸੋਨ ਤਮਗ਼ੇ ਜਿੱਤਣ ਵਾਲੇ ਹਰੇਕ ਮੁੱਕੇਬਾਜ਼ ਨੂੰ ਦੋ-ਦੋ ਲੱਖ ਰੁਪਏ ਨਕਦ ਦੇਣ ਦਾ ਐਲਾਨ ਕੀਤਾ।  (ਏਜੰਸੀ)