ਪੰਜਾਬ ਦੀਆਂ ਵਾਲੀਬਾਲ ਖੇਡਾਂ ਵਿਚ ਨਿਸ਼ਾਨ ਅਕੈਡਮੀ ਔਲਖ ਨੇ ਦੂਜਾ ਸਥਾਨ ਹਾਸਲ ਕੀਤਾ

ਖ਼ਬਰਾਂ, ਖੇਡਾਂ

ਸ੍ਰੀ ਮੁਕਤਸਰ ਸਾਹਿਬ, 28 ਸਤੰਬਰ (ਰਣਜੀਤ ਸਿੰਘ/ਗੁਰਦੇਵ ਸਿੰਘ)  : ਪੰਜਾਬ ਦੀਆਂ 63ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਜੋ ਕਿ ਤਰਨਤਾਰਨ ਸਾਹਿਬ ਵਿਖੇ 24 ਸਤੰਬਰ ਤੋਂ 27 ਸਤੰਬਰ 2017 ਤਕ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਨਿਸ਼ਾਨ ਅਕੈਡਮੀ ਔਲਖ (ਮਲੋਟ) ਦੀਆਂ ਅੰਡਰ-17 ਲੜਕੀਆਂ ਜੋ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਕਰ ਰਹੀਆਂ ਸਨ, ਨੇ ਕਈ ਜ਼ਿਲ੍ਹਿਆਂ ਨੂੰ ਮਤਾ ਦਿੰਦਿਆਂ ਸੂਬੇ ਭਰ ਵਿਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ।
ਨਿਸ਼ਾਨ ਅਕੈਡਮੀ ਦੀਆਂ ਇਹ ਖਿਡਾਰਨਾਂ ਜੋ ਕਿ ਪਿਛਲੇ ਦੋ ਸਾਲ ਤੋਂ ਅੰਡਰ-14 ਵਾਲੀਬਾਲ ਖੇਡਾਂ ਵਿਚ ਲਗਾਤਾਰ ਦੋ ਵਾਰ ਪਹਿਲਾ ਸਥਾਨ ਹਾਸਲ ਕਰ ਚੁੱਕੀਆ ਹਨ, ਨੇ ਪਹਿਲੀ ਵਾਰੀ ਅੰਡਰ-17 ਵਾਲੀਬਾਲ ਖੇਡਾਂ ਵਿੱਚ ਭਾਗ ਲੈ ਕੇ ਆਪਣੀ ਸਖਤ ਮਿਹਨਤ ਦਾ ਰੰਗ ਵਿਖਾਇਆ ਹੈ। ਤਰਨਤਾਰਨ ਦੇ ਮਹਾਰਾਜਾ ਰਣਜੀਤ ਸਿੰਘ ਸਕੂਲ ਵਿਖੇ ਅਕੈਡਮੀ ਦੀ ਇਸ ਟੀਮ ਦਾ ਪਹਿਲਾ ਮੈਚ ਜਿਲ੍ਹਾ ਕਪੂਰਥਲਾ ਨਾਲ ਕਰਵਾਇਆ ਗਿਆ, ਜਿਸ ਵਿੱਚ 2-0 ਦੀ ਜਿੱਤ ਹਾਸਲ ਕੀਤੀ।ਦੂਸਰਾ ਮੈਚ ਜਿਲ੍ਹਾ ਪਠਾਨਕੋਟ ਨਾਲ ਹੋਇਆ ਇਸ ਮੈਚ ਵਿੱਚ ਵੀ 2-0 ਨਾਲ ਜਿੱਤ ਦਰਜ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ।
ਇਸ ਉਪਰੰਤ ਤੀਜਾ ਅਤੇ ਚੌਥਾ ਮੈਚ ਲਗਾਤਾਰ ਜਿਲ੍ਹਾ ਬਠਿੰਡਾ ਅਤੇ ਅੰਮ੍ਰਿਤਸਰ ਨਾਲ ਹੋਇਆ ਜਿਸ ਦਾ ਸਕੋਰ 2-0 ਅਤੇ 2-0 ਰਿਹਾ। ਇਸ ਤੋਂ ਬਾਅਦ ਜਿਲ੍ਹਾ ਮੋਗਾ ਦੀ ਟੀਮ ਨਾਲ ਕੁਆਰਟਰ ਫਾਈਨਲ ਮੈਚ ਹੋਇਆ ਜਿਸ ਵਿੱਚ ਨਿਸ਼ਾਨ ਅਕੈਡਮੀ ਦੀਆਂ ਇੰਨ੍ਹਾਂ ਖਿਡਾਰਨਾਂ ਨੇ ਇਸ ਵਿੱਚ 2-0 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਉਪਰੰਤ ਅਕੈਡਮੀ ਦੀਆਂ ਇਨ੍ਹਾਂ ਜਾਂਬਾਜ ਖਿਡਾਰਨਾਂ ਦਾ ਸੈਮੀ-ਫਾਇਨਲ ਵਿੱਚ ਮੁਕਾਬਲਾ ਜਿਲ੍ਹਾ ਫਰੀਦਕੋਟ ਦੀ ਟੀਮ ਨਾਲ ਹੋਇਆ ਜਿਸ ਵਿਚੋਂ ਉਹ ਫਰੀਦਕੋਟ ਦੀ ਟੀਮ ਨੂੰ 3-2 ਨਾਲ ਹਰਾ ਕੇ ਫਾਈਨਲ ਵਿਚੋਂ ਦੂਸਰਾ ਸਥਾਨ ਹਾਸਲ ਕਰਨ ਵਿੱਚ ਸਫਲ ਰਹੀਆਂ।
ਇਸ ਮਹਾਨ ਜਿੱਤ ਦਾ ਸਿਹਰਾ ਅਕੈਡਮੀ ਦੇ ਡੀ.ਪੀ. ਕੋਚ ਜਸਵਿੰਦਰ ਸਿੰਘ ਦੇ ਹਿੱਸੇ ਆਉਂਦਾ ਹੈ ਜਿੰਨ੍ਹਾਂ ਦੀ ਸਖਤ ਮਿਹਨਤ ਅਤੇ ਸੂਝਬੂਝ ਸਦਕਾ ਅਕੈਡਮੀ ਦੀ ਟੀਮ ਪਿਛਲੇ ਕਈ ਸਾਲਾਂ ਤੋਂ ਸੂਬੇ ਭਰ ਵਿੱਚ ਜਿੱਤਾਂ ਦਰਜ ਕਰਦੀ ਆ ਰਹੀ ਹੈ। ਇਸ ਮੌਕੇ ਅਕੈਡਮੀ ਦੇ ਚੇਅਰਮੈਨ ਸ. ਕਸ਼ਮੀਰ ਸਿੰਘ, ਡਾਇਰੈਕਟਰ ਸ. ਇਕਉਂਕਾਰ ਸਿੰਘ ਅਤੇ ਪ੍ਰਿਸੀਪਲ ਮੈਡਮ ਪਰਮਪਾਲ ਕੌਰ ਨੇ ਬਟੀਮ ਨੰੀ ਜਿੱਤ ਹਾਸਲ ਕਰਨ ਤੋਂ ਬਾਅਦ ਸਕੂਲ ਪਹੁੰਚਣ ਤੇ ਨਿੱਘਾ ਅਤੇ ਜੋਰਦਾਰ ਸਵਾਗਤ ਕੀਤਾ ਅਤੇ ਬੱਚਿਆਂ ਸਮੇਤ ਉਨ੍ਹਾਂ ਦੇ ਮਾਪਿਆਂ ਨੂੰ ਇਸ ਮਾਨਯੋਗ ਪ੍ਰਾਪਤੀ 'ਤੇ ਵਧਾਈਆਂ ਦਿੱਤੀਆਂ।