ਪਯੋਂਗਯੋਂਗ ਉਲੰਪਿਕ ਦੇ ਉਦਘਾਟਨ ਮੌਕੇ ਸਾਈਬਰ ਹਮਲੇ ਦੇ ਡਰੋਂ ਬੰਦ ਰਖਿਆ ਇੰਟਰਨੈੱਟ

ਖ਼ਬਰਾਂ, ਖੇਡਾਂ

ਪਯੋਂਗਯੋਂਗ, 10 ਫ਼ਰਵਰੀ: ਦੱਖਣ ਕੋਰੀਆ ਦੇ ਪਯੋਂਗਯੋਂਗ 'ਚ ਇਸ ਸਾਲ ਦੀਆਂ ਸਰਦ ਰੁੱਤ ਉਲੰਪਿਕ ਖੇਡਾਂ ਦੀ ਸ਼ੁਰੂਆਤ ਹੋ ਗਈ ਹੈ। ਕੱਲ੍ਹ ਇਸ ਦੇ ਉਦਘਾਟਨੀ ਸਮਾਰੋਹ ਦਾ ਰੰਗਾਰੰਗ ਆਯੋਜਨ ਕੀਤਾ ਗਿਆ। ਇਸ ਦੌਰਾਨ ਕੁਝ ਸਮੇਂ ਲਈ ਇੰਟਰਨੈੱਟ ਸੇਵਾਵਾਂ ਬੰਦ ਰੱਖੀਆਂ ਗਈਆਂ, ਕਿਉਂ ਕਿ ਅਧਿਕਾਰੀਆਂ ਨੂੰ ਸਾਈਬਰ ਹਮਲੇ ਦਾ ਡਰ ਸੀ, ਜਿਸ ਦੀ ਹੁਣ ਆਯੋਜਕਾਂ ਵਲੋਂ ਜਾਂਚ ਕੀਤੀ ਜਾਵੇਗੀ। ਖੇਡਾਂ ਦੇ ਬੁਲਾਰੇ ਸੁੰਗ ਬਾਈਕ ਯੂ ਨੇ ਕਿਹਾ ਕਿ ਉਹ ਫਿਲਹਾਲ 

ਸਾਈਬਰ ਹਮਲੇ ਦਾ ਸ਼ੱਕ ਨਹੀਂ ਜਤਾ ਸਕਦੇ ਹਨ ਪਰ ਇਸ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ ਸੁਰਖਿਆ ਮਾਹਰ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਨਾਲ ਹੀ ਤਕਨੀਕੀ ਪ੍ਰਣਾਲੀ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ। ਜਾਂਚ ਤੋਂ ਬਾਅਦ ਹੀ ਇਸ ਸਬੰਧੀ ਸਟੀਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਫਿਲਹਾਲ ਟੂਰਨਾਮੈਂਟ ਨਿਰਧਾਰਤ ਪ੍ਰੋਗਰਾਮ ਦੇ ਹਿਸਾਬ ਨਾਲ ਚੱਲ ਰਿਹਾ ਹੈ।  20 ਫ਼ਰਵਰੀ ਤਕ ਚੱਲਣ ਵਾਲੇ ਇਸ ਟੂਰਨਾਮੈਂਟ 'ਚ 92 ਦੇਸ਼ਾਂ ਦੇ ਕਰੀਬ 3,000 ਐਥਲੀਟ ਹਿੱਸਾ ਲੈ ਰਹੇ ਹਨ ਅਤੇ ਸੱਤ ਖੇਡਾਂ 'ਚ ਅਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਭਾਰਤ ਵਲੋਂ ਜਗਦੀਸ਼ ਸਿੰਘ ਅਤੇ ਸ਼ਿਵਾ ਕੇਸ਼ਵਨ ਇਸ ਦਾ ਹਿੱਸਾ ਬਣਨਗੇ।   (ਏਜੰਸੀ)