ਪੀ.ਐੱਸ.ਜੀ. ਦੀ ਜਿੱਤ ਨਾਲ ਨੇਮਾਰ ਚਮਕੇ

ਖ਼ਬਰਾਂ, ਖੇਡਾਂ



ਪੈਰਿਸ, 1 ਅਕਤੂਬਰ: ਬ੍ਰਾਜ਼ੀਲ ਦੇ ਸਟ੍ਰਾਈਕਰ ਨੇਮਾਰ ਦੇ 2 ਗੋਲ ਦੀ ਮਦਦ ਨਾਲ ਪੈਰਿਸ ਸੇਂਟ ਜਰਮੇਨ (ਪੀ.ਐੱਸ.ਜੀ.) ਦੀ ਟੀਮ ਨੇ ਫਰਾਂਸ ਦੇ ਲੀਗਾ 1 ਮੈਚ 'ਚ ਅਜੇ ਤਕ ਅਜੇਤੂ ਰਹੀ ਬਾਰਡੋਕਸ ਦੀ ਟੀਮ ਨੂੰ 6-2 ਨਾਲ ਹਰਾਇਆ।
ਨੇਮਾਰ ਨੇ ਮੈਚ ਦੇ ਪੰਜਵੇਂ ਮਿੰਟ 'ਚ ਹੀ 30 ਗਜ਼ ਦੀ ਦੂਰੀ ਤੋਂ ਫ੍ਰੀ ਕਿਕ ਨੂੰ ਗੋਲ 'ਚ ਬਦਲ ਦਿਤਾ। 7 ਮਿੰਟ ਬਾਅਦ ਐਡੀਨਸ ਕਾਵਾਨੀ ਨੇ ਗੋਲ ਕਰ ਕੇ ਵਾਧੇ ਨੂੰ ਦੁਗਣਾ ਕਰ ਦਿਤਾ। ਥਾਮਸ ਮੇਊਨਿਰ ਦੇ 21ਵੇਂ ਮਿੰਟ 'ਚ ਕੀਤੇ ਗਏ ਗੋਲ ਨਾਲ ਪੀ.ਐੱਸ.ਜੀ. ਦੀ ਟੀਮ 3-0 ਨਾਲ ਅੱਗੇ ਸੀ।
ਪਰ 30ਵੇਂ ਮਿੰਟ 'ਚ ਬੋਰਡੋਕਸ ਵਲੋਂ ਵਾਈ ਸਾਂਖਰੇ ਨੇ ਗੋਲ ਕਰ ਕੇ ਫ਼ਰਕ ਘੱਟ ਕੀਤਾ। 40ਵੇਂ ਮਿੰਟ 'ਚ ਨੇਮਾਰ ਨੇ ਪੈਨਲਟੀ ਨੂੰ ਗੋਲ 'ਚ ਤਬਦੀਲ ਕੀਤਾ। ਇਸ ਤੋਂ 5 ਮਿੰਟ ਬਾਅਦ ਜੂਲੀਅਨ ਡ੍ਰੈਕਸਲਰ ਦੇ ਗੋਲ ਨਾਲ ਹਾਫ਼ ਟਾਈਮ ਤੋਂ ਪਹਿਲਾਂ ਟੀਮ ਨੇ 5-1 ਨਾਲ ਵਾਧਾ ਦਰਜ ਕਰ ਲਿਆ। ਦੂਜੇ ਹਾਫ਼ 'ਚ ਵੀ ਪੀ.ਐੱਸ.ਜੀ. ਦਾ ਦਬਦਬਾ ਕਾਇਮ ਰਿਹਾ ਅਤੇ 58ਵੇਂ ਮਿੰਟ 'ਚ ਫਰਾਂਸ ਦੇ ਨੌਜਵਾਨ ਖਿਡਾਰੀ ਕੇ. ਐੱਮਬਾਪੇ ਨੇ ਗੋਲ ਦਾਗਿਆ। ਮੈਚ ਦੇ ਆਖਰੀ ਮਿੰਟ 'ਚ ਬੋਰਡੋਕਸ ਵਲੋਂ ਦਿਲਾਸੇ ਵਾਲਾ ਗੋਲ ਮੈਕਲਮ ਸਿਲਵਾ ਡੀ ਓਲੀਵੇਰਾ ਨੇ ਕੀਤਾ।   (ਏਜੰਸੀ)