ਪੀ.ਵੀ. ਸਿੰਧੂ ਨੇ ਹਾਂਗਕਾਂਗ ਨੂੰ ਹਰਾ ਕੇ ਏਸ਼ੀਆ ਚੈਂਪੀਅਨਸ਼ਿਪ 'ਚ ਭਾਰਤ ਨੂੰ ਜਿੱਤ ਦਿਵਾਈ

ਖ਼ਬਰਾਂ, ਖੇਡਾਂ

ਨਵੀਂ ਦਿੱਲੀ, 6 ਫ਼ਰਵਰੀ : ਉਲੰਪਿਕ ਤਮਗਾ ਜੇਤੂ ਪੀ.ਵੀ.ਸਿੰਧੂ ਦੀ ਅਗਵਾਈ 'ਚ ਭਾਰਤੀ ਮਹਿਲਾ ਟੀਮ ਨੇ ਏਸ਼ੀਆ ਬੈਡਮਿੰਟਨ ਟੀਮ ਚੈਂਪੀਅਨਸ਼ਿਪ 'ਚ ਹਾਂ-ਪੱਖੀ ਸ਼ੁਰੂਆਤ ਕਰਦੇ ਹੋਏ ਹਾਂਗਕਾਂਗ ਨੂੰ 3-2 ਨਾਲ ਹਰਾਇਆ। ਗ੍ਰੋਇਨ ਦੀ ਸੱਟ ਕਾਰਨ ਲੰਡਨ ਓਲੰਪਿਕ ਦੀ ਕਾਂਸੀ ਤਮਗ਼ਾ ਜੇਤੂ ਸਾਇਨਾ ਨੇਹਵਾਲ ਦੇ ਟੂਰਨਾਮੈਂਟ ਤੋਂ ਹਟਣ ਤੋਂ ਬਾਅਦ ਸਿੰਧੂ ਨੇ ਅਪਣੀ ਉਪਯੋਗਤਾ ਸਾਬਤ ਕਰਦਿਆਂ ਪਹਿਲੇ ਸਿੰਗਲ ਮੈਚ ਜਿਤਿਆ ਅਤੇ ਫਿਰ ਸਿੱਕੀ ਰੈਡੀ ਨਾਲ ਮਿਲ ਕੇ ਡਬਲਜ਼ 'ਚ ਵੀ ਜਿੱਤ ਹਾਸਲ ਕੀਤੀ। ਐਤਵਾਰ ਨੂੰ ਇੰਡੀਆ ਓਪਨ ਦੇ ਫ਼ਾਈਨਲ 'ਚ ਮਿਲੀ ਦਿਲ ਤੋੜਨ ਵਾਲੀ ਹਾਰ ਤੋਂ ਉਭਰਦੇ ਹੋਏ ਸਿੰਧੂ ਨੇ ਪਹਿਲੇ ਸਿੰਗਲਜ਼ 'ਚ ਹਾਂਗਕਾਂਗ ਦੀ ਯਿਪ ਪੁਈ ਯਿਨ ਨੂੰ ਸਿੱਧੇ ਸੈਂਟਾਂ 'ਚ 21-12, 21-18 ਨਾਲ ਹਰਾਇਆ। ਅਸ਼ਵਿਨੀ ਪੋਨੱਪਾ ਅਤੇ ਪ੍ਰਾਜਕਤਾ ਸਾਵੰਤ ਨੂੰ ਹਾਲਾਂਕਿ ਪਹਿਲੇ ਮਹਿਲਾ ਡਬਲਜ਼ 'ਚ ਸਖਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਏਨਜ ਵਿੰਗ ਅਤੇ ਯੁੰਗ ਏਨਗਾ ਟਿੰਗ ਵਿਰੁਧ 52 ਮਿੰਟਾਂ 'ਚ 22-20, 20-22, 10-21 ਨਾਲ ਹਾਰ ਝੱਲਣੀ ਪਈ।