ਰਾਜ ਸਭਾ 'ਚ ਮੈਰੀ ਕਾਮ, ਚਾਨੂ ਤੇ ਹਾਕੀ ਟੀਮਾਂ ਨੂੰ ਵਧਾਈ

ਖ਼ਬਰਾਂ, ਖੇਡਾਂ

ਨਵੀਂ ਦਿੱਲੀ, 15 ਦਸੰਬਰ: ਰਾਜਸਭਾ 'ਚ ਅੱਜ ਮਸ਼ਹੂਰ ਮਹਿਲਾ ਮੁੱਕੇਬਾਜ ਮੈਰੀਕਾਮ, ਵੇਟ ਲਿਫ਼ਟਿੰਗ 'ਚ ਮੀਰਾਬਾਈ ਚਾਨੂ ਤੇ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਨੂੰ ਵੱਖ-ਵੱਖ ਮੁਕਾਬਲਿਆਂ 'ਚ ਸਫ਼ਲਤਾ ਲਈ ਵਧਾਈ ਦਿਤੀ ਗਈ ਅਤੇ ਉਮੀਦ ਜਤਾਈ ਕਿ ਇਹ ਖਿਡਾਰੀ ਭਵਿੱਖ 'ਚ ਵੀ ਇਸੇ ਤਰ੍ਹਾਂ ਸਫ਼ਲਤਾ ਹਾਸਲ ਕਰ ਕੇ ਦੇਸ਼ ਦਾ ਮਾਣ ਵਧਾਉਣਗੇ।ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਸਭਾਪਤੀ ਐਮ. ਵੇਂਕੈਯਾ ਨਾਇਡੂ ਨੇ ਅੱਜ ਇਨ੍ਹਾਂ ਖਿਡਾਰੀਆਂ ਨੂੰ ਪੂਰੇ ਸਦਨ ਵਲੋਂ ਵਧਾਈ ਦਿਤੀ। ਉਨ੍ਹਾਂ ਕਿਹਾ ਕਿ ਮੈਂ 22 ਅਕਤੂਬਰ ਨੂੰ ਢਾਕਾ, ਬੰਗਲਾਦੇਸ਼ 'ਚ ਸਮਾਪਤ ਹੋਏ ਏਸ਼ੀਆ ਕੱਪ, 2017 ਜਿੱਤਣ ਲਈ ਪੁਰਸ਼ ਹਾਕੀ ਟੀਮ ਅਤੇ ਪੰਜ 

ਨਵੰਬਰ 2017 ਨੂੰ ਕਾਕਮਿਗਾਹਾਰਾ, ਜਪਾਨ 'ਚ ਏਸ਼ੀਆ ਕੱਪ, 2017 ਜਿੱਤਣ ਲਈ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੰਦਾ ਹੈ। ਉਨ੍ਹਾਂ ਅੱਠ ਨਵੰਬਰ ਨੂੰ ਵਿਯਤਨਾਮ ਦੇ ਹੋ ਚੀ ਮਿਨਹ ਸ਼ਹਿਰ 'ਚ ਏਸ਼ੀਆਈ ਮਹਿਲਾ ਬੌਕਸਿੰਗ ਚੈਂਪੀਅਨਸ਼ਿਪ ਦੇ 48 ਕਿਲੋਗ੍ਰਾਮ ਵਰਗ 'ਚ ਸੋਨ ਤਮਗ਼ਾ ਜੇਤੂ ਮੈਰੀਕਾਮ ਤੇ ਅਮਰੀਕਾ ਦੇ ਕੈਲੀਫ਼ੋਰਨੀਆ 'ਚ ਵਿਸ਼ਵ ਵੇਟ ਲਿਫ਼ਟਿੰਗ ਦੇ ਮਹਿਲਾਵਾਂ ਦੇ 48 ਕਿਲੋਗ੍ਰਾਮ ਵਰਗ 'ਚ ਸੋਨ ਤਮਗ਼ਾ ਜੇਤੂ ਚਾਨੂ ਨੂੰ ਵਧਾਈ ਦਿਤੀ।   (ਪੀਟੀਆਈ)