ਰੀਅਲ ਮੈਡ੍ਰਿਡ ਨੇ ਸੋਸੀਡੇਡ ਨੂੰ 3-1 ਨਾਲ ਹਰਾਇਆ

ਖ਼ਬਰਾਂ, ਖੇਡਾਂ



ਮੈਡ੍ਰਿਡ, 18 ਸਤੰਬਰ: ਰੀਅਲ ਮੈਡ੍ਰਿਡ ਦੇ ਗੇਰੇਥ ਬੇਲ ਨੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੰਦਿਆਂ ਰੀਅਲ ਸੋਸੀਡੇਡ ਵਿਰੁਧ ਗੋਲ ਕਰ ਕੇ ਅਪਣੀ ਟੀਮ ਦੀ 3-1 ਨਾਲ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਇਸ ਜਿੱਤ ਨਾਲ ਮੈਡ੍ਰਿਡ ਦੀ ਟੀਮ ਅੰਕ ਲੜੀ 'ਚ ਚੌਥੇ ਨੰਬਰ 'ਤੇ ਆ ਗਈ ਅਤੇ ਪਹਿਲੇ ਨੰਬਰ 'ਤੇ ਚੱਲ ਰਹੀ ਬਾਰਸਿਲੋਨਾ ਤੋਂ ਚਾਰ ਅੰਕ ਪਿੱਛੇ ਹੈ।

ਪਿਛਲੇ ਕੁਝ ਹਫ਼ਤਿਆਂ 'ਚ ਪੁਰਤਗਾਲ ਦੇ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਦੀ ਗ਼ੈਰ-ਮੌਜਦੂਗੀ 'ਚ ਗੋਲ ਕਰਨ 'ਚ ਨਾਕਾਮ ਰਹੇ ਬੇਲ ਨੇ ਮੈਚ ਦਾ ਆਖ਼ਰੀ ਗੋਲ ਕਰ ਕੇ ਟੀਮ ਦੇ ਵਾਧੇ ਨੂੰ 3-1 ਕਰ ਦਿਤਾ, ਜੋ ਫ਼ੈਸਲਾਕੁੰਨ ਸਕੋਰ ਸਾਬਤ ਹੋਇਆ। ਹਾਫ਼ ਤਕ ਮੈਡ੍ਰਿਡ ਦੀ ਟੀਮ 2-1 ਨਾਲ ਅੱਗੇ ਸੀ। ਮੈਡ੍ਰਿਡ ਲਈ ਪਹਿਲਾ ਗੋਲ ਬੋਰਜਾ ਮਾਇਰਾਲ ਨੇ ਕੀਤਾ। ਇਸ ਗੋਲ ਨਾਲ ਟੀਮ ਨੇ ਮਹਾਨ ਫ਼ੁਟਬਾਲਰ ਪੇਲੇ ਦੀ ਟੀਮ ਸਾਂਟੋਸ ਦੇ 1960 ਦੇ ਦਹਾਕੇ 'ਚ ਲਗਾਤਾਰ 73 ਮੈਚਾਂ 'ਚ ਗੋਲ ਕਰਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ।

ਇਕ ਹੋਰ ਮੈਚ 'ਚ ਵਿਲਾਰੀਆਲ ਨੇ ਅਲਾਵੇਸ ਨੂੰ 3-0 ਨਾਲ ਹਰਾ ਕੇ ਉਨ੍ਹਾਂ ਨੂੰ ਅੰਕ ਲੜੀ 'ਚ ਸੱਭ ਤੋਂ ਹੇਠ ਧੱਕ ਦਿਤਾ। ਚੇਲਸੀ ਦੇ ਸਾਬਕਾ ਸਟ੍ਰਾਈਕਰ ਲੋਇਕ ਰੇਮੀ ਦੇ ਗੋਲ ਨਾਲ ਲਾਸ ਪਾਲਮਸ ਨੇ ਐਥਲੈਟਿਕ ਬਿਲਬਾਓ ਨੂੰ 1-0 ਨਾਲ ਹਰਾਇਆ। (ਭਾਸ਼ਾ)