ਸ਼ੂਟਿੰਗ ਵਿਸ਼ਵ ਕੱਪ ਅੰਜੁਮ ਨੇ ਜਿਤਿਆ ਸੋਨ ਤਮਗ਼ਾ

ਖ਼ਬਰਾਂ, ਖੇਡਾਂ

ਮੈਕਸੀਕੋ, 9 ਮਾਰਚ: ਭਾਰਤੀ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਨੇ ਮੈਕਸੀਕੋ ਦੇ ਗਵਾਡਲਜਾਰਾ 'ਚ ਜਾਰੀ ਸ਼ੂਟਿੰਗ ਵਿਸ਼ਵ ਕੱਪ 'ਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ। 24 ਸਾਲ ਦੀ ਚੰਡੀਗੜ੍ਹ ਦੀ ਸ਼ੂਟਰ ਅੰਜੁਮ ਮੌਜੂਦਾ ਵਿਸ਼ਵ ਕੱਪ 'ਚ 6ਵੇਂ ਦਿਨ ਮਹਿਲਾਵਾਂ ਦੀ 50 ਮੀਟਰ ਰਾਈਫ਼ਲ 3 ਪੋਜੀਸ਼ਨ (3ਪੀ) ਮੁਕਾਬਲੇ ਦੇ ਫ਼ਾਈਨਲ 'ਚ 454.2 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ।ਚੀਨ ਦੀ ਰੁਈਜਿਆਓ ਪੇ ਨੇ ਇਸ ਮੁਕਾਬਲੇ 'ਚ ਸੋਨ ਤਮਗ਼ਾ (455.4) ਜਿੱਤਿਆ, ਜਦੋਂ ਕਿ ਚੀਨ ਦੀ ਹੀ ਟਿੰਗ ਸੁਨ (442.2) ਨੇ  ਕਾਂਸੀ ਦਾ ਤਮਗ਼ਾ ਪ੍ਰਾਪਤ ਕੀਤਾ। ਅੰਜੁਮ ਦਾ ਆਈ.ਐਸ.ਐਸ.ਐਫ਼. ਵਿਸ਼ਵ ਕੱਪ 'ਚ ਇਹ ਪਹਿਲਾ ਤਮਗ਼ਾ ਹੈ। 12 ਮਾਰਚ ਤਕ ਚੱਲਣ ਵਾਲੇ ਸ਼ੂਟਿੰਗ ਵਿਸ਼ਵ ਕੱਪ 'ਚ ਭਾਰਤ ਕੁਲ 8 ਤਮਗ਼ਿਆਂ ਨਾਲ ਪਹਿਲੇ ਸਥਾਨ 'ਤੇ ਬਰਕਰਾਰ ਹੈ, ਜਿਸ 'ਚ 3 ਸੋਨ, ਇਕ ਚਾਂਦੀ ਅਤੇ 4 ਕਾਂਸੀ ਦੇ ਤਮਗ਼ੇ ਸ਼ਾਮਲ ਹਨ। ਚੀਨ (5) ਅਤੇ ਫ਼ਰਾਂਸ (4) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਹਨ।ਮੌਜੂਦਾ ਸ਼ੂਟਿੰਗ ਵਿਸ਼ਵ ਕੱਪ 'ਚ ਭਾਰਤ ਦੀ ਮਨੂੰ ਭਾਕੇਰ ਨੇ ਦੋ ਸੋਨ ਤਮਗ਼ੇ ਪ੍ਰਾਪਤ ਕੀਤੇ ਹਨ। ਉਸ ਤੋਂ ਇਲਾਵਾ ਇਕ ਸੋਨ ਤਮਗ਼ਾ ਸ਼ਹਿਜਰ ਰਿਜਵੀ ਦੇ ਹਿੱਸੇ ਆਇਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ 16 ਸਾਲ ਦੀ ਮਨੂੰ ਭਾਕੇਰ ਨੇ ਓਮਪ੍ਰਕਾਸ਼ ਮਿਥਰਵਾਲ ਨਾਲ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ 'ਚ ਗੋਲਡ 'ਤੇ ਨਿਸ਼ਾਨਾ ਲਗਾਇਆ ਸੀ। ਇਸ ਤੋਂ ਪਹਿਲਾਂ ਮਨੂੰ ਨੇ ਮੌਜੂਦਾ ਸ਼ੂਟਿੰਗ ਵਿਸ਼ਵ ਕੱਪ ਦੇ 10 ਮੀਟਰ ਏਅਰ ਪਿਸਟਰ ਈਵੈਂਟ 'ਚ ਸੋਨ ਤਮਗ਼ਾ ਪ੍ਰਾਪਤ ਕੀਤਾ ਸੀ। ਅੱਜ ਅੰਜੁਮ ਵਲੋਂ ਜਿੱਤੇ ਗਏ ਇਸ ਤਮਗ਼ੇ ਨਾਲ ਭਾਰਤ ਦੇ ਹਿੱਸੇ ਕੁਲ 8 ਤਮਗ਼ੇ ਆ ਗਏ ਹਨ, ਜਿਸ ਨਾਲ ਭਾਰਤ ਪਹਿਲੇ ਸਥਾਨ 'ਤੇ ਮੌਜੂਦ ਹੈ।ਭਾਰਤ ਲਈ ਨੰਬਰ ਇਕ ਜੋੜੀ ਦੇ ਤੌਰ 'ਤੇ ਅਗਵਾਈ ਕਰਦਿਆਂ ਮਨੂੰ ਅਤੇ ਓਮ ਪ੍ਰਕਾਸ਼ ਨੇ ਕੁਆਲੀਫ਼ੀਕੇਸ਼ਨ 'ਚ 770 ਅੰਕ ਪ੍ਰਾਪਤ ਕੀਤੇ ਸਨ, ਜਿਸ ਨਾਲ ਉਹ ਜਰਮਨੀ ਦੇ ਕ੍ਰਿਸਟਿਅਨ ਅਤੇ ਸਾਂਡਰਾ ਰੇਟਜ਼ ਦੀ ਪਤੀ-ਪਤਨੀ ਦੀ ਜੋੜੀ ਤੋਂ ਪਿਛੇ ਰਹੇ ਸਨ, ਜਿਨ੍ਹਾਂ ਨੇ 777 ਅੰਕਾਂ ਦੇ ਵਿਸ਼ਵ ਰੀਕਾਰਡ ਸਕੋਰ ਨਾਲ ਫ਼ਾਈਨਲ ਲਈ ਕੁਆਲੀਫ਼ਾਈ ਕੀਤਾ ਸੀ। ਮਨੂੰ ਭਾਕੇਰ ਅਤੇ ਸ਼ਹਿਜਰ ਰਿਜਵੀ ਦੇ ਗੋਲਡ ਤੋਂ ਬਾਅਦ ਸ਼ੂਟਰ ਮੇਹੁਲੀ ਘੋਸ਼ ਅਤੇ ਉਸ ਤੋਂ ਬਾਅਦ ਹੁਣ ਅੰਜੁਮ ਨੇ ਇਕ ਤੋਂ ਬਾਅਦ ਇਕ ਤਮਗ਼ੇ ਜਿੱਤ ਕੇ ਭਾਰਤ ਦੇ ਨਾਮ ਰੌਸ਼ਨ ਕੀਤਾ।   (ਏਜੰਸੀ)