ਦੋ ਭਾਰਤੀ ਖਿਡਾਰੀ ਕਸ਼ਯਪ ਅਤੇ ਪ੍ਰਣਬ ਕਰਨਗੇ ਮੁਕਾਬਲਾ

ਖ਼ਬਰਾਂ, ਖੇਡਾਂ

ਅਨਾਹੀਮ (ਕੈਲੀਫ਼ੋਰਨੀਆ), 23 ਜੁਲਾਈ: ਪੁਰਸ਼ ਬੈਡਮਿੰਟਨ ਵਿਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਇਸੇ ਕੜੀ 'ਚ ਰਾਸ਼ਟਰ ਮੰਡਲ ਖੇਡਾਂ ਦੇ ਸੋਨ ਤਮਗ਼ਾ ਜੇਤੂ ਪਾਰੁਪੱਲੀ ਕਸ਼ਯਪ ਨੇ ਇਥੇ 120000 ਡਾਲਰ ਇਨਾਮੀ ਅਮਰੀਕੀ ਓਪਨ ਗ੍ਰਾਂ ਪ੍ਰੀ ਗੋਲਡ ਦੇ ਫ਼ਾਈਨਲ ਵਿਚ ਥਾਂ ਬਣਾਈ ਜਿਥੇ ਉਸ ਦਾ ਸਾਹਮਣਾ ਹਮਵਤਨ ਐਚ.ਐਸ. ਪ੍ਰਣਯ ਨਾਲ ਹੋਵੇਗਾ।

ਅਨਾਹੀਮ (ਕੈਲੀਫ਼ੋਰਨੀਆ), 23 ਜੁਲਾਈ: ਪੁਰਸ਼ ਬੈਡਮਿੰਟਨ ਵਿਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਇਸੇ ਕੜੀ 'ਚ ਰਾਸ਼ਟਰ ਮੰਡਲ ਖੇਡਾਂ ਦੇ ਸੋਨ ਤਮਗ਼ਾ ਜੇਤੂ ਪਾਰੁਪੱਲੀ ਕਸ਼ਯਪ ਨੇ ਇਥੇ 120000 ਡਾਲਰ ਇਨਾਮੀ ਅਮਰੀਕੀ ਓਪਨ ਗ੍ਰਾਂ ਪ੍ਰੀ ਗੋਲਡ ਦੇ ਫ਼ਾਈਨਲ ਵਿਚ ਥਾਂ ਬਣਾਈ ਜਿਥੇ ਉਸ ਦਾ ਸਾਹਮਣਾ ਹਮਵਤਨ ਐਚ.ਐਸ. ਪ੍ਰਣਯ ਨਾਲ ਹੋਵੇਗਾ।  ਅਕਤੂਬਰ 2015 ਵਿਚ ਸੱਟ ਕਾਰਨ ਵਿਚਾਲਿਉਂ ਮੈਚ ਨੂੰ ਛੱਡਣ ਵਾਲੇ ਕਸ਼ਯਪ ਨੇ ਉਦੋਂ ਤੋਂ ਹੁਣ ਤਕ 21 ਮਹੀਨੇ ਵਿਚ ਪਹਿਲੀ ਵਾਰ ਕਿਸੇ ਟੂਰਨਾਮੈਂਟ ਦੇ ਫ਼ਾਈਨਲ ਵਿਚ ਪ੍ਰਵੇਸ਼ ਕੀਤਾ ਹੈ। ਸੱਟਾਂ ਨਾਲ ਜੂਝਣ ਵਾਲੇ ਪ੍ਰਣਯ ਵੀ ਪਿਛਲੇ ਸਾਲ ਸਵਿਸ ਓਪਨ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਪਹਿਲੀ ਵਾਰ ਫ਼ਾਈਨਲ ਵਿਚ ਪਹੁੰਚੇ ਹਨ। ਕਸ਼ਯਪ ਨੇ ਇਕ ਘੰਟੇ ਅਤੇ 6 ਮਿੰਟ ਤਕ ਚਲੇ ਮੁਕਾਬਲੇ ਵਿਚ ਕੋਰੀਆ ਦੇ ਕਵਾਂਗ ਹੀ ਹੀਓ ਨੂੰ ਸਖ਼ਤ ਮੁਕਾਬਲੇ ਵਿਚ 15-21, 21-15, 21-16 ਨਾਲ ਹਰਾਇਆ।
ਦੂਜੇ ਪਾਸੇ ਪ੍ਰਣਯ ਨੇ ਵੀਅਤਨਾਮ ਦੇ ਟਿਏਨ ਮਿਨਹ ਐਨਗੁਏਨ ਨੂੰ ਸਿੱਧੇ ਗੇਮ ਵਿਚ 21-14, 21-19 ਨਾਲ ਹਰਾਇਆ।
ਮੌਜੂਦਾ ਸੈਸ਼ਨ ਵਿਚ ਇਹ ਦੂਜੀ ਵਾਰ ਹੈ ਜਦੋਂ ਕਿਸੇ ਕੌਮਾਂਤਰੀ ਪ੍ਰਤੀਯੋਗਤਾ ਦੇ ਫ਼ਾਈਨਲ ਵਿਚ 2 ਭਾਰਤੀ ਖਿਡਾਰੀ ਆਹਮੋ-ਸਾਹਮਣੇ ਹੋਣਗੇ। ਅਪ੍ਰੈਲ ਵਿਚ ਕੇ. ਸ਼੍ਰੀਕਾਂਤ ਅਤੇ ਬੀ ਸਾਈ ਪ੍ਰਣੀਤ ਨੇ ਸਿੰਗਾਪੁਰ ਓਪਨ ਦੇ ਫ਼ਾਈਨਲ ਵਿਚ ਥਾਂ ਬਣਾਈ ਸੀ ਜਿਸ ਵਿਚ ਪ੍ਰਣੀਤ ਨੇ ਅਪਣਾ ਪਹਿਲਾ ਸੁਪਰ ਸੀਰੀਜ਼ ਖ਼ਿਤਾਬ ਜਿੱਤਿਆ।  ਮਨੂ ਅੱਤਰੀ ਅਤੇ ਬੀ ਸੁਮਿਤ ਰੇਡੀ ਦੀ ਜੋੜੀ ਨੂੰ ਹਾਲਾਂਕਿ ਸਖ਼ਤ ਚੁਨੌਤੀ ਪੇਸ਼ ਕਰਨ ਦੇ ਬਾਵਜੂਦ ਲਿਊ ਚਿੰਗ ਯਾਓ ਅਤੇ ਯਾਂਗ ਪੋ ਹਾਨ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਵਿਰੁਧ 12-21, 21-12, 20-22 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। (ਪੀਟੀਆਈ)