ਨਵੇਂ ਸਾਲ ਦੀ ਆਮਦ ਮੌਕੇ ਉਤਰ ਪ੍ਰਦੇਸ਼ ਦੇ 35 ਜ਼ਿਲ੍ਹਿਆਂ ’ਚ ਛਾਹੀ ਸੰਘਣੀ ਧੁੰਦ
ਕਾਨਪੁਰ 4.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਰਿਹਾ ਸਭ ਤੋਂ ਠੰਢਾ
ਵਾਰਾਨਸੀ : ਉਤਰ ਪ੍ਰਦੇਸ਼ ਵਿੱਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। ਨਵੇਂ ਸਾਲ ਦੇ ਜਸ਼ਨ ਅਤੇ ਉਤਸ਼ਾਹ ਵਿਚਕਾਰ ਮੌਕੇ ਸਮੁੱਚੇ ਸੂਬੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਨਵੇਂ ਸਾਲ ਦੀ ਪਹਿਲੀ ਸਵੇਰ ਪ੍ਰਯਾਗਰਾਜ, ਕਾਸ਼ੀ, ਝਾਂਸੀ, ਨੋਇਡਾ, ਗਾਜ਼ੀਆਬਾਦ ਸਮੇਤ 35 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ।
ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਘਰਾਂ ਅੰਦਰ ਲੁਕੇ ਰਹਿਣ ਲਈ ਮਜਬੂਰ ਕਰ ਦਿੱਤਾ। ਕਈ ਥਾਵਾਂ ਤੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਤੋਂ 10 ਮੀਟਰ ਵਿਚਕਾਰ ਰਿਕਾਰਡ ਕੀਤੀ ਗਈ। ਦਫ਼ਤਰਾਂ ਅਤੇ ਸਕੂਲਾਂ ਦੀਆਂ ਛੁੱਟੀਆਂ ਕਾਰਨ ਕਈ ਮੁੱਖ ਸੜਕਾਂ ਅਤੇ ਚੌਕਾਂ ਤੇ ਸੰਨਾਟਾ ਰਿਹਾ।
ਮੌਸਮ ਵਿਭਾਗ ਨੇ ਪੱਛਮੀ ਉਤਰ ਪ੍ਰਦੇਸ਼ ਦੇ ਮੇਰਠ-ਗਾਜ਼ੀਆਬਾਦ ਅਤੇ ਨੋਇਡਾ ਸਮੇਤ 14 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਚੇਤਾਵਨੀ ਦਿੱਤੀ ਗਈ ਹੈ ਕਿ 1 ਜਨਵਰੀ ਨੂੰ ਨਵੇਂ ਸਾਲ ਦਾ ਸਵਾਗਤ ਕਰਨ ਲਈ ਘਰੋਂ ਬਾਹਰ ਨਿਕਲਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਾਵਧਾਨ ਰਹਿਣ।
ਇਸ ਤੋਂ ਪਹਿਲਾਂ ਸਾਲ ਦੇ ਆਖਰੀ ਦਿਨ ਯਾਨੀ ਬੁੱਧਵਾਰ ਨੂੰ ਵੀ ਕੜਾਕੇ ਦੀ ਠੰਡ ਰਹੀ। ਸਵੇਰ ਤੋਂ ਲਖਨਊ, ਅਯੁੱਧਿਆ, ਪ੍ਰਯਾਗਰਾਜ, ਕਾਨਪੁਰ, ਗੋਰਖਪੁਰ ਸਮੇਤ 50 ਤੋਂ ਵੱਧ ਜ਼ਿਲ੍ਹੇ ਧੁੰਦ ਦੀ ਸੰਘਣੀ ਚਾਦਰ ਵਿਚ ਲਿਪਟੇ ਰਹੇ। ਧੁੰਦ ਅਤੇ ਕੋਹਰੇ ਵਿਚਕਾਰ ਸਾਲ ਦਾ ਆਖਰੀ ਸੂਰਜ ਅਸਤ ਵੀ ਵੇਖਿਆ ਗਿਆ। ਉਤਰ ਪ੍ਰਦੇਸ਼ ਵਿੱਚ ਕਾਨਪੁਰ ਸਭ ਤੋਂ ਠੰਡਾ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।