ਪ੍ਰਸਿੱਧ ਸਾਸ਼ਤਰੀ ਗਾਇਕ ਪੰਡਿਤ ਛੰਨੂਲਾਲ ਮਿਸ਼ਰਾ ਦਾ ਹੋਇਆ ਦੇਹਾਂਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਟਾਇਆ ਦੁੱਖ
ਲਖਨਊ : ਪ੍ਰਸਿੱਧ ਸਾਸ਼ਤਰੀ ਗਾਇਕ ਅਤੇ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਪੰਡਿਤ ਛੰਨੂਲਾਲ ਮਿਸ਼ਰਾ ਦਾ 91 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਨ੍ਹਾਂ ਮਿਰਜ਼ਾਪੁਰ ’ਚ ਅੱਜ ਸਵੇਰੇ 4.15 ਵਜੇ ਆਖਰੀ ਸਾਹ ਲਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਮਿਰਜ਼ਾਪੁਰ ਵਿੱਚ ਆਪਣੀ ਸਭ ਤੋਂ ਛੋਟੀ ਧੀ ਦੇ ਪਰਿਵਾਰ ਨਾਲ ਰਹਿ ਰਹੇ ਸਨ। ਛੰਨੂਲਾਲ ਦੀ ਧੀ ਨਮਰਤਾ ਮਿਸ਼ਰਾ ਨੇ ਦੱਸਿਆ ਕਿ ਉਹ ਪਿਛਲੇ 17-18 ਦਿਨਾਂ ਤੋਂ ਉਮਰ ਸਬੰਧੀ ਸਮੱਸਿਆਵਾਂ ਕਾਰਨ ਹਸਪਤਾਲ ਵਿੱਚ ਦਾਖਲ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਪੋਸਟ ਸਾਂਝੀ ਕਰਕੇ ਗਾਇਕ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਐਕਸ ’ਤੇ ਲਿਖਿਆ ਕਿ ਪ੍ਰਸਿੱਧ ਸ਼ਾਸਤਰੀ ਸੰਗੀਤ ਗਾਇਕ ਪੰਡਿਤ ਛੰਨੂਲਾਲ ਮਿਸ਼ਰਾ ਜੀ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ। ਉਨ੍ਹਾਂ ਨੇ ਆਪਣਾ ਜੀਵਨ ਭਾਰਤੀ ਕਲਾ ਅਤੇ ਸੱਭਿਆਚਾਰ ਨੂੰ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਨਾ ਸਿਰਫ਼ ਸ਼ਾਸਤਰੀ ਸੰਗੀਤ ਨੂੰ ਲੋਕਾਂ ਤੱਕ ਪਹੁੰਚਾਇਆ, ਸਗੋਂ ਆਲਮੀ ਪੱਧਰ ’ਤੇ ਭਾਰਤੀ ਰਵਾਇਤਾਂ ਨੂੰ ਸਥਾਪਿਤ ਕਰਨ ਵਿੱਚ ਵੀ ਆਪਣਾ ਅਣਮੁੱਲਾ ਯੋਗਦਾਨ ਪਾਇਆ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਹਮੇਸ਼ਾ ਉਨ੍ਹਾਂ ਦਾ ਪਿਆਰ ਅਤੇ ਆਸ਼ੀਰਵਾਦ ਮਿਲਿਆ। ਦੁੱਖ ਦੀ ਇਸ ਘੜੀ ਵਿੱਚ, ਮੈਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ।
ਪੰਡਿਤ ਛੰਨੂਲਾਲ ਮਿਸ਼ਰਾ ਜਿਨ੍ਹਾਂ ਨੂੰ ‘ਗੀਤ ਸਮਰਾਟ ਅਤੇ ਕਵਿਤਾ ਵਿਭੂਸ਼ਣ’ ਵਜੋਂ ਜਾਣਿਆ ਜਾਂਦਾ ਹੈ ਆਪਣੇ ਪਿੱਛੇ ਤਿੰਨ ਧੀਆਂ ਅਤੇ ਇੱਕ ਪੁੱਤਰ ਛੱਡ ਗਏ ਹਨ। ਉਨ੍ਹਾਂ ਦੀ ਪਤਨੀ ਦਾ ਚਾਰ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਪੁੱਤਰ ਰਾਮਕੁਮਾਰ ਮਿਸ਼ਰਾ ਇੱਕ ਮਸ਼ਹੂਰ ਤਬਲਾ ਵਾਦਕ ਵੀ ਹੈ।