ਹਾਥਰਸ ਐਕਸਪ੍ਰੈਸਵੇਅ 'ਤੇ ਵਾਪਰੇ ਹਾਦਸੇ ਵਿਚ 6 ਦੀ ਮੌਤ ਜਦਕਿ 7 ਜ਼ਖ਼ਮੀ
ਬੱਸ ਦੇ ਵੈਨ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Hathras Uttar Pradesh Accident News: ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਅੱਜ ਸਵੇਰੇ ਯਮੁਨਾ ਐਕਸਪ੍ਰੈਸਵੇਅ 'ਤੇ ਇੱਕ ਡਬਲ-ਡੈਕਰ ਬੱਸ ਨੇ ਇੱਕ ਚੱਲਦੀ ਈਕੋ ਵੈਨ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਵੈਨ ਵਿੱਚ ਸਵਾਰ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਜ਼ਖ਼ਮੀ ਹੋ ਗਏ। ਮ੍ਰਿਤਕ ਰਾਜਸਥਾਨ ਦੇ ਧੌਲਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਬੱਸ ਦਿੱਲੀ ਤੋਂ ਗੋਰਖਪੁਰ ਜਾ ਰਹੀ ਸੀ, ਜਦੋਂ ਕਿ ਵੈਨ ਦਿੱਲੀ ਤੋਂ ਧੌਲਪੁਰ ਜਾ ਰਹੀ ਸੀ। ਵੈਨ ਵਿੱਚ ਕੁੱਲ 13 ਲੋਕ ਸਵਾਰ ਸਨ।
ਹਾਦਸੇ ਤੋਂ ਬਾਅਦ ਸੜਕ 'ਤੇ ਹੰਗਾਮਾ ਮਚ ਗਿਆ। ਐਕਸਪ੍ਰੈਸਵੇਅ 'ਤੇ ਲੰਮਾ ਟ੍ਰੈਫਿਕ ਜਾਮ ਲੱਗ ਗਿਆ। ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਖੰਡੌਲੀ ਸੀਐਚਸੀ ਭੇਜਿਆ ਗਿਆ, ਜਿੱਥੋਂ ਤਿੰਨ ਨੂੰ ਗੰਭੀਰ ਹਾਲਤ ਵਿੱਚ ਆਗਰਾ ਰੈਫ਼ਰ ਕਰ ਦਿੱਤਾ ਗਿਆ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਆਵਾਜਾਈ ਬਹਾਲ ਕੀਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ 10 ਫੁੱਟ ਦੂਰ ਜਾ ਡਿੱਗੀ। ਇਸ ਦਾ ਪਿਛਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਜਦੋਂਕਿ ਬੱਸ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਬੱਸ ਵਿੱਚ ਸਵਾਰ ਯਾਤਰੀ ਵਾਲ-ਵਾਲ ਬਚ ਗਏ। ਇਹ ਹਾਦਸਾ ਸਦਾਬਾਦ ਥਾਣਾ ਖੇਤਰ ਦੇ ਗੜ੍ਹੀ ਹਰੀਆ ਪਿੰਡ ਦੇ ਨੇੜੇ ਵਾਪਰਿਆ।