Uttar Pradesh ਦੇ ਸਾਰੇ ਸਕੂਲਾਂ ਵਿਚ ‘ਰਾਸ਼ਟਰੀ ਗੀਤ’ ਗਾਉਣਾ ਬਣਾਇਆ ਜਾਵੇਗਾ ਲਾਜ਼ਮੀ : ਯੋਗੀ ਅਦਿੱਤਿਆਨਾਥ
ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਸਮਾਜ ਨੂੰ ਵੰਡਣ ਵਾਲੇ ਤੱਤਾਂ ਨੂੰ ਪਛਾਣੀਏ ਤੇ ਉਨ੍ਹਾਂ ਦਾ ਵਿਰੋਧ ਕਰੀਏ
ਗੋਰਖਪੁਰ (ਯੂਪੀ) : ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸੋਮਵਾਰ ਨੂੰ ਆਲ ਇੰਡੀਆ ਮੁਸਲਿਮ ਲੀਗ ਦੇ ਆਗੂਆਂ ਮੁਹੰਮਦ ਅਲੀ ਜਿਨਾਹ ਅਤੇ ਮੁਹੰਮਦ ਅਲੀ ਜੌਹਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੋ ਲੋਕ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦਾ ਵਿਰੋਧ ਕਰਦੇ ਹਨ ਉਹ ਭਾਰਤ ਦੀ ਏਕਤਾ ਅਤੇ ਅਖੰਡਤਾ ਦਾ ਅਪਮਾਨ ਕਰ ਰਹੇ ਹਨ।
ਮੁੱਖ ਮੰਤਰੀ ਅਦਿੱਤਿਆਨਾਥ ਨੇ ਗੋਰਖਪੁਰ ਵਿੱਚ ‘ਏਕਤਾ ਯਾਤਰਾ’ ਅਤੇ ‘ਵੰਦੇ ਮਾਤਰਮ ਦੇ ਸਮੂਹਿਕ ਗਾਇਨ ਵਿੱਚ ਹਿੱਸਾ ਲੈਂਦੇ ਹੋਏ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਵੀ ਭਾਰਤ ਵਿੱਚ ਰਹਿਣ ਵਾਲਾ ਹਰ ਵਿਅਕਤੀ ਰਾਸ਼ਟਰ ਪ੍ਰਤੀ ਵਫ਼ਾਦਾਰ ਰਹੇਗਾ ਅਤੇ ਉਹ ਦੇਸ਼ ਏਕਤਾ ਲਈ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸਾਡਾ ਫਰਜ਼ ਹੈ ਕਿ ਅਸੀਂ ਸਮਾਜ ਨੂੰ ਵੰਡਣ ਵਾਲੇ ਸਾਰੇ ਤੱਤਾਂ ਦੀ ਪਛਾਣ ਕਰੀਏ ਅਤੇ ਉਨ੍ਹਾਂ ਦਾ ਵਿਰੋਧ ਕਰੀਏ। ਭਾਵੇਂ ਉਹ ਜਾਤ, ਖੇਤਰ ਜਾਂ ਭਾਸ਼ਾ ਦੇ ਨਾਮ ’ਤੇ ਹੀ ਕਿਉਂ ਨਾ ਹੋਵੇ। ਇਹ ਵੰਡ ਇੱਕ ਨਵਾਂ ਜਿਨਾਹ ਬਣਾਉਣ ਦੀ ਸਾਜ਼ਿਸ਼ ਦਾ ਹਿੱਸਾ ਹਨ।
ਅਦਿੱਤਿਆਨਾਥ ਨੇ ਲੋਕਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਭਾਰਤ ’ਚ ਕਦੇ ਕੋਈ ਨਵਾਂ ਜਿਨਾਹ ਨਾ ਉੱਭਰੇ ਅਤੇ ਜੇਕਰ ਕੋਈ ਦੇਸ਼ ਦੀ ਅਖੰਡਤਾ ਨੂੰ ਚੁਣੌਤੀ ਦੇਣ ਦੀ ਹਿੰਮਤ ਕਰਦਾ ਹੈ ਤਾਂ ਸਾਨੂੰ ਅਜਿਹੇ ਫੁੱਟ ਪਾਊ ਇਰਾਦਿਆਂ ਨੂੰ ਸਿਰ ਚੁੱਕਣ ਤੋਂ ਪਹਿਲਾਂ ਹੀ ਦਬਾ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਹਰ ਨਾਗਰਿਕ ਨੂੰ ਇਸ ਮਕਸਦ ਲਈ ਇੱਕਜੁੱਟ ਹੋਣਾ ਚਾਹੀਦਾ ਹੈ।
ਮੁਹੰਮਦ ਅਲੀ ਜਿਨਾਹ 1913 ਤੋਂ 14 ਅਗਸਤ 1947 ਨੂੰ ਪਾਕਿਸਤਾਨ ਦੀ ਸਿਰਜਣਾ ਤੱਕ ਆਲ ਇੰਡੀਆ ਮੁਸਲਿਮ ਲੀਗ ਦੇ ਨੇਤਾ ਸਨ। ਇਸ ਤੋਂ ਬਾਅਦ ਉਹ ਇੱਕ ਸਾਲ ਬਾਅਦ 1948 ਵਿੱਚ ਆਪਣੀ ਮੌਤ ਤੱਕ ਪਾਕਿਸਤਾਨ ਦੇ ਪਹਿਲੇ ਗਵਰਨਰ ਜਨਰਲ ਬਣੇ। ਮੁਹੰਮਦ ਅਲੀ ਜੌਹਰ ਆਲ ਇੰਡੀਆ ਮੁਸਲਿਮ ਲੀਗ ਦੇ ਸਹਿ ਸੰਸਥਾਪਕ ਸਨ।
ਅਦਿੱਤਿਆਨਾਥ ਨੇ ਕਾਂਗਰਸ ’ਤੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦਾ ਨਿਰਾਦਰ ਕਰਨ ਦਾ ਆਰੋਪ ਲਗਾਉਂਦੇ ਹੋਏ ਰਾਜ ਦੇ ਸਾਰੇ ਸਕੂਲਾਂ ’ਚ ਇਸ ਨੂੰ ਗਾਉਣਾ ਜ਼ਰੂਰੀ ਕੀਤ ਜਾਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਾਂਗਰਸਦੇ ਸਾਬਕਾ ਪ੍ਰਧਾਨ ਮੌਲਾਨਾ ਮੁਹੰਮਦ ਅਲੀ ਜੌਹਰ ’ਤੇ ਵੰਦੇ ਮਾਤਰਮ ਦਾ ਵਿਰੋਧ ਕਰਨ ਦਾ ਆਰੋਪ ਲਗਾਇਆ ਅਤੇ ਕਿਹਾ ਕਿ ਇਸ ਪਾਰਟੀ ਵੰਦੇ ਮਾਤਰਮ ਰਾਹੀਂ ਭਾਰਤ ਦੇ ਰਾਸ਼ਟਰਵਾਦ ਦਾ ਸਨਮਾਨ ਕੀਤਾ ਹੁੰਦਾ ਤਾਂ ਦੇਸ਼ ਦੀ ਵੰਡ ਨਾ ਹੁੰਦੀ।
ਮੁੱਖ ਮੰਤਰੀ ਅਦਿੱਤਿਆਨਾਥ ਨੇ ‘ਏਕਤਾ ਯਾਤਰਾ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰੀ ਗੀਤ ਵੰਦੇ ਮਾਤਰਮ ਪ੍ਰਤੀ ਸਤਿਕਾਰ ਦੀ ਭਾਵਨਾ ਹੋਣੀ ਚਾਹੀਦੀ ਹੈ। ਅਸੀਂ ਉੱਤਰ ਪ੍ਰਦੇਸ਼ ਦੇ ਹਰ ਸਕੂਲ ਅਤੇ ਵਿਦਿਅਕ ਸੰਸਥਾ ਵਿੱਚ ਇਸਨੂੰ ਗਾਉਣਾ ਲਾਜ਼ਮੀ ਬਣਾਵਾਂਗੇ।