Uttar Pradesh ’ਚ ਔਰਤਾਂ ਹੁਣ ਸ਼ਰਤਾਂ ਤਹਿਤ ਰਾਤ ਦੀ ਸ਼ਿਫ਼ਟ ’ਚ ਕਰ ਸਕਣਗੀਆਂ ਕੰਮ : ਯੋਗੀ ਅਦਿੱਤਿਆਨਾਥ
ਰਾਤ ਨੂੰ ਕੰਮ ਕਰਨ ਵਾਲੀਆਂ ਔਰਤਾਂ ਨੂੰ ਮਿਲੇਗੀ ਸੁਰੱਖਿਆ ਅਤੇ ਵਧੀਆ ਤਨਖਾਹ
ਲਖਨਊ : ਉਤਰ ਪ੍ਰਦੇਸ਼ ਦੀ ਯੋਗੀ ਅਦਿੱਤਿਆਨਾਥ ਸਰਕਾਰ ਨੇ ਸੂਬੇ ਦੀਆਂ ਔਰਤਾਂ ਦੇ ਲਈ ਇਕ ਇਤਿਹਾਸਕ ਫੈਸਲਾ ਲਿਆ ਹੈ। ਹੁਣ ਔਰਤਾਂ ਆਪਣੀ ਸਹਿਮਤੀ ਦੇ ਨਾਲ ਰਾਤ ਦੀ ਸ਼ਿਫਟ ਵਿਚ ਕੰਮ ਕਰ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਸੁਰੱਖਿਆ, ਵਧੀਆ ਤਨਖਾਹ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਨਵੇਂ ਹੁਕਮ ਦੇ ਤਹਿਤ ਔਰਤਾਂ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਕੰਮ ਕਰਨ ਦੇ ਸਮਰੱਥ ਹੋਣਗੀਆਂ। ਪਰ ਇਸ ਦੇ ਲਈ ਉਨ੍ਹਾਂ ਨੂੰ ਆਪਣੀ ਸਹਿਮਤੀ ਦੇਣੀ ਹੋਵੇਗੀ।
ਨਵੇਂ ਹੁਕਮ ਅਨੁਸਾਰ ਮਹਿਲਾ ਕਰਮਚਾਰੀਆਂ ਨੂੰ ਦੁੱਗਣਾ ਮਿਹਨਤਾਨਾ, ਸੀ.ਸੀ.ਟੀ.ਵੀ. ਨਿਗਰਾਨੀ, ਆਉਣ-ਜਾਣ ਦੀ ਸਹੂਲਤ ਸਮੇਤ ਸੁਰੱਖਿਆ ਗਾਰਡਾਂ ਦੀ ਗਰੰਟੀ ਮਿਲੇਗੀ। ਇਸ ਤੋਂ ਇਲਾਵਾ ਮਹਿਲਾ ਕਰਮਚਾਰੀ ਬਿਨਾ ਕਿਸੇ ਰੁਕਾਵਟ ਦੇ ਲਗਾਤਾਰ 6 ਘੰਟੇ ਕੰਮ ਕਰ ਸਕਣਗੀਆਂ। ਇਸ ਦੇ ਨਾਲ ਹੀ ਓਵਰਟਾਈਮ ਦੀ ਸਮਾਂ ਹੱਦ ਨੂੰ 75 ਘੰਟੇ ਤੋਂ ਵਧਾ ਕੇ 144 ਘੰਟੇ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ, ਜਿਸ ਦਾ ਭੁਗਤਾਨ ਡਬਲ ਹੋਵੇਗਾ।
ਇਹ ਹੁਕਮ 29 ਸ਼੍ਰੇਣੀਆਂ ਦੇ ਖਤਰਨਾਕ ਉਦਯੋਗਾਂ ’ਚ ਵੀ ਲਾਗੂ ਕੀਤਾ ਗਿਆ ਹੈ, ਜਿਨ੍ਹਾਂ ’ਚ ਮਹਿਲਾਵਾਂ ਨੂੰ ਹੁਣ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ। ਯੋਗੀ ਸਰਕਾਰ ਨੇ ਕਦਮ ਔਰਤਾਂ ਨੂੰ ਮਜ਼ਬੂਤ ਬਣਾਉਣ ਅਤੇ ਆਪਣੇ ਕੈਰੀਅਰ ’ਚ ਅਜ਼ਾਦੀ ਦੇਣ ਦੇ ਉਦੇਸ਼ ਨਾਲ ਚੁੱਕਿਆ ਹੈ। ਇਸ ਪਹਿਲ ਨਾਲ ਔਰਤਾਂ ਹੁਣ ਆਪਣੀ ਸ਼ਰਤਾਂ ’ਤੇ ਕੈਰੀਅਰ ਦੀਆਂ ਨਵੀਆਂ ਉਚਾਈਆਂ ਤੱਕ ਪਹੁੰਚ ਸਕਣਗੀਆਂ ਅਤੇ ਉਨ੍ਹਾਂ ਨੂੰ ਹਰ ਕਦਮ ’ਤੇ ਸੁਰੱਖਿਆ ਅਤੇ ਸਨਮਾਨ ਦੀ ਗਰੰਟੀ ਮਿਲੇਗੀ।