ਬਜ਼ੁਰਗਾਂ ਨੂੰ ਘਰ ਬੈਠੇ ਹੀ ਬੁਢਾਪਾ ਪੈਨਸ਼ਨ ਦੇਵੇਗੀ ਯੋਗੀ ਸਰਕਾਰ
60 ਸਾਲ ਦੀ ਉਮਰ ਹੁੰਦਿਆਂ ਹੀ ਖਾਤਿਆਂ ’ਚ ਆਉਣ ਲੱਗਣਗੇ ਪੈਨਸ਼ਨ ਦੇ ਪੈਸੇ
ਲਖਨਊ : ਉੱਤਰ ਪ੍ਰਦੇਸ਼ ਦੇ ਬਜ਼ੁਰਗ ਨਾਗਰਿਕਾਂ ਨੂੰ ਹੁਣ ਬੁਢਾਪਾ ਪੈਨਸ਼ਨ ਲਈ ਭੱਜ-ਦੌੜ ਨਹੀਂ ਕਰਨੀ ਪਵੇਗੀ। ਸਰਕਾਰ ਉਨ੍ਹਾਂ ਨੂੰ ਉਨ੍ਹਾਂ ਦੇ ਦਰਵਾਜ਼ੇ ’ਤੇ ਪੈਨਸ਼ਨ ਪ੍ਰਦਾਨ ਕਰੇਗੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਨੂੰ ਹੋਈ ਕੈਬਨਿਟ ਮੀਟਿੰਗ ਦੌਰਾਨ ਇਸ ਮਤੇ ਨੂੰ ਮਨਜ਼ੂਰੀ ਦਿੱਤੀ ਗਈ।
ਉੱਤਰ ਪ੍ਰਦੇਸ਼ ਕੈਬਨਿਟ ਨੇ ਰਾਜ ਵਿੱਚ ਬੁਢਾਪਾ ਪੈਨਸ਼ਨਾਂ ਬਾਰੇ ਇੱਕ ਵੱਡਾ ਫੈਸਲਾ ਲਿਆ ਹੈ। ਯੋਗ ਸੀਨੀਅਰ ਨਾਗਰਿਕਾਂ ਨੂੰ ਹੁਣ ਪੈਨਸ਼ਨਾਂ ਲਈ ਵੱਖਰੇ ਤੌਰ ’ਤੇ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ। ਸਮਾਜ ਭਲਾਈ ਮੰਤਰੀ ਅਸੀਮ ਅਰੁਣ ਨੇ ਕਿਹਾ ਕਿ ਪਰਿਵਾਰਕ ਪਛਾਣ (ਇੱਕ ਪਰਿਵਾਰ, ਇੱਕ ਪਛਾਣ) ਪ੍ਰਣਾਲੀ ਆਪਣੇ ਆਪ ਯੋਗ ਲਾਭਪਾਤਰੀਆਂ ਦੀ ਪਛਾਣ ਕਰੇਗੀ, ਅਤੇ ਉਨ੍ਹਾਂ ਦੀ ਸਹਿਮਤੀ ਮਿਲਣ ’ਤੇ ਪੈਨਸ਼ਨਾਂ ਨੂੰ ਸਿੱਧੇ ਤੌਰ ’ਤੇ ਮਨਜ਼ੂਰੀ ਦਿੱਤੀ ਜਾਵੇਗੀ। ਵਰਤਮਾਨ ਸਮੇਂ ਵਿੱਚ 67.50 ਲੱਖ ਸੀਨੀਅਰ ਨਾਗਰਿਕ ਇਸ ਯੋਜਨਾ ਤੋਂ ਲਾਭ ਉਠਾ ਰਹੇ ਹਨ। ਪਰ ਵੱਡੀ ਗਿਣਤੀ ’ਚ ਅਜਿਹੇ ਲੋਕ ਵੀ ਹਨ ਜੋ ਪ੍ਰਕਿਰਿਆ ਪੂਰੀ ਨਾ ਕਰ ਪਾਉਣ ਦੇ ਕਾਰਨ ਪੈਨਸ਼ਨ ਯੋਜਨਾ ਤੋਂ ਬਾਹਰ ਰਹਿ ਜਾਂਦੇ ਹਨ। ਨਵਾਂ ਫ਼ੈਸਲਾ ਇਸ ਸਮੱਸਿਆ ਦੇ ਹੱਲ ’ਤੇ ਕੇਂਦਰਤ ਹੈ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਪ੍ਰਧਾਨਗੀ ’ਚ ਹੋਈ ਕੈਬਨਿਟ ਮੀਟਿੰਗ ’ਚ 20 ਮਤਿਆਂ ਨੂੰ ਮਨਜ਼ੂਰੀ ਦਿੱਤੀ ਗਈ।
ਕੈਬਨਿਟ ਮੀਟਿੰਗ ਤੋਂ ਬਾਅਦ ਫ਼ੈਸਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਕਲਿਆਣ ਮੰਤਰੀ ਅਸੀਮ ਅਰੁਣ ਨੇ ਕਿਹਾ ਕਿ ਨਵੇਂ ਪ੍ਰਬੰਧ ’ਚ ਪਰਿਵਾਰ ਆਈ.ਡੀ. ਦੇ ਆਧਾਰ ’ਤੇ ਉਨ੍ਹਾਂ ਨਾਗਰਿਕਾਂ ਨੂੰ ਸੂਚੀ ਤਿਆਰ ਹੋਵੇਗੀ, ਜਿਸ ਦੀ ਉਮਰ ਅਗਲੇ 90 ਦਿਨ ਤੱਕ 60 ਸਾਲ ਹੋਣ ਜਾ ਰਹੀ ਹੈ। ਇਹ ਸੂਚੀ ਏਪੀਆਈ ਰਾਹੀਂ ਸਮਾਜ ਕਲਿਆਣ ਵਿਭਾਗ ਦੇ ਪੈਨਸ਼ਨ ਪੋਰਟਲ ’ਤੇ ਭੇਜੀ ਜਾਵੇਗੀ। ਵਿਭਾਗ ਸਭ ਤੋਂਂ ਪਹਿਲਾਂ ਐਸ.ਐਮ.ਐਸ., ਵਟਸਐਪ ਅਤੇ ਫੋਨ ਕਾਲ ਵਰਗੇ ਡਿਜੀਟਲ ਪਲੇਟ ਫਾਰਮਾਂ ਯੋਗ ਨਾਗਰਿਕਾਂ ਤੋਂ ਸਹਿਮਤੀ ਲਵੇਗੀ। ਜਿਨ੍ਹਾਂ ਦੀ ਸਹਿਮਤੀ ਡਿਜੀਟਲ ਰੂਪ ਨਾਲ ਨਹੀਂ ਮਿਲੇਗੀ, ਉਨ੍ਹਾਂ ਨਾਲ ਗ੍ਰਾਮ ਪੰਚਾਇਤ ਸਹਾਇਕ, ਕਾਮਨ ਸਰਵਿਸ ਸੈਂਟਰ ਜਾਂ ਵਿਭਾਗੀ ਕਰਮਚਾਰੀ ਭੌਤਿਕ ਰੂਪ ਨਾਲ ਸੰਪਰਕ ਕਰਨਗੇ। ਉਨ੍ਹਾਂ ਦੱਸਿਆ ਕਿ ਸਹਿਮਤੀ ਮਿਲਣ ਤੋਂ ਬਾਅਦ ਯੋਜਨਾ ਅਧਿਕਾਰੀ 15 ਦਿਨਾਂ ਦੇ ਅੰਦਰ ਡਿਜੀਟਲ ਹਸਤਾਖਰਾਂ ਰਾਹੀਂ ਪੈਨਸ਼ਨ ਨੂੰ ਮਨਜ਼ੂਰੀ ਦੇਵੇਗਾ।