ਗਾਜ਼ੀਆਬਾਦ ਵਿੱਚ ਛੁੱਟੀ ਨਾ ਦੇਣ 'ਤੇ ਬੈਂਕ ਮੈਨੇਜਰ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਉੱਤਰ ਪ੍ਰਦੇਸ਼

ਸੁਰੱਖਿਆ ਗਾਰਡ ਨੇ ਦਫ਼ਤਰ ਵਿਚ ਵੜ ਕੇ ਮਾਰੀ ਗੋਲੀ ਮਾਰੀ

Bank manager murdered in Ghaziabad news

ਗਾਜ਼ੀਆਬਾਦ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਅਭਿਸ਼ੇਕ ਸ਼ਰਮਾ (34) ਦੀ ਇੱਕ ਸੁਰੱਖਿਆ ਗਾਰਡ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਬਿਹਾਰ ਦਾ ਰਹਿਣ ਵਾਲਾ ਸੀ। ਸੁਰੱਖਿਆ ਗਾਰਡ ਰਵਿੰਦਰ ਕਈ ਦਿਨਾਂ ਤੋਂ ਮੈਨੇਜਰ ਅਭਿਸ਼ੇਕ ਤੋਂ ਛੁੱਟੀ ਮੰਗ ਰਿਹਾ ਸੀ। ਮੁਲਜ਼ਮ ਸੋਮਵਾਰ ਦੁਪਹਿਰ 1:45 ਵਜੇ ਦੇ ਕਰੀਬ ਮੈਨੇਜਰ ਕੋਲ ਗਿਆ, ਜਿੱਥੇ ਛੁੱਟੀ ਨੂੰ ਲੈ ਕੇ ਉਸ ਦਾ ਅਭਿਸ਼ੇਕ ਸ਼ਰਮਾ ਨਾਲ ਝਗੜਾ ਹੋ ਗਿਆ।

ਫਿਰ ਰਵਿੰਦਰ ਨੇ ਬੈਂਕ ਮੈਨੇਜਰ ਅਭਿਸ਼ੇਕ ਸ਼ਰਮਾ ਦੀ ਛਾਤੀ ਵਿੱਚ ਬੰਦੂਕ ਨਾਲ ਗੋਲੀ ਮਾਰ ਦਿੱਤੀ। ਅਭਿਸ਼ੇਕ ਖੂਨ ਨਾਲ ਲੱਥਪੱਥ ਜ਼ਮੀਨ 'ਤੇ ਡਿੱਗ ਪਿਆ। ਬੈਂਕ ਵਿੱਚ ਅਚਾਨਕ ਹੋਈ ਗੋਲੀਬਾਰੀ ਨੇ ਲੋਕਾਂ ਨੂੰ ਡਰਾ ਦਿੱਤਾ। ਇਸ ਦੌਰਾਨ ਮੁਲਜ਼ਮ ਸੁਰੱਖਿਆ ਗਾਰਡ ਆਪਣੇ ਇੱਕ ਹੋਰ ਸਾਥੀ ਨਾਲ ਮੌਕੇ ਤੋਂ ਭੱਜ ਗਿਆ। ਬੈਂਕ ਸਟਾਫ਼ ਨੇ ਮੈਨੇਜਰ ਨੂੰ ਬਾਈਕ ਰਾਹੀਂ ਦਿੱਲੀ ਦੇ ਗੁਰੂ ਤੇਗ ਬਹਾਦਰ ਹਸਪਤਾਲ ਪਹੁੰਚਾਇਆ, ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।

ਘਟਨਾ ਨਾਲ ਸਬੰਧਤ ਬੈਂਕ ਦੇ ਗੇਟ ਤੋਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਗਾਰਡ ਆਪਣੇ ਸਾਥੀ ਨਾਲ ਦਿਖਾਈ ਦੇ ਰਿਹਾ ਹੈ। ਗਾਰਡ ਦੇ ਭੱਜਣ ਤੋਂ ਕੁਝ ਮਿੰਟਾਂ ਬਾਅਦ, ਬੈਂਕ ਮੈਨੇਜਰ ਨੂੰ ਲੋਕ ਚੁੱਕ ਕੇ ਲੈ ਜਾਂਦੇ ਹੋਏ ਦਿਖਾਈ ਦਿੱਤੇ। ਇਹ ਘਟਨਾ ਲੋਨੀ ਬਾਰਡਰ ਪੁਲਿਸ ਸਟੇਸ਼ਨ ਖੇਤਰ ਦੇ ਬਲਰਾਮ ਨਗਰ ਖੇਤਰ ਵਿੱਚ ਵਾਪਰੀ। ਏਸੀਪੀ ਗਿਆਨ ਪ੍ਰਕਾਸ਼ ਰਾਏ ਨੇ ਕਿਹਾ, ਮੁਲਜ਼ਮ ਗਾਰਡ ਬਾਗਪਤ ਦਾ ਰਹਿਣ ਵਾਲਾ ਹੈ। ਉਸ ਦਾ ਮੈਨੇਜਰ ਅਭਿਸ਼ੇਕ ਸ਼ਰਮਾ ਨਾਲ ਛੁੱਟੀ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਇਸ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਬੈਂਕ ਮੈਨੇਜਰ ਅਭਿਸ਼ੇਕ ਸ਼ਰਮਾ ਪਟਨਾ ਦੇ ਲਖੀਪੁਰ ਦਾ ਰਹਿਣ ਵਾਲਾ ਸੀ। ਉਹ ਅਗਸਤ 2025 ਤੋਂ ਆਪਣੀ ਪਤਨੀ ਨਾਲ ਗਾਜ਼ੀਆਬਾਦ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਉਸ ਦੀ ਪਤਨੀ ਇਸ ਸਮੇਂ ਬਿਹਾਰ ਵਿੱਚ ਹੈ।

ਪੁਲਿਸ ਅਨੁਸਾਰ ਮੁਲਜ਼ਮ ਗਾਰਡ ਰਵਿੰਦਰ ਹੁੱਡਾ (45), 2018 ਵਿੱਚ ਫੌਜ ਤੋਂ ਸੇਵਾਮੁਕਤ ਹੋਇਆ ਸੀ। ਉਹ ਬਾਗਪਤ ਦੇ ਮਨਸੂਰਪੁਰ ਥਾਣਾ ਖੇਤਰ ਦੇ ਚੰਦੀਨਗਰ ਦਾ ਰਹਿਣ ਵਾਲਾ ਹੈ। ਰਵਿੰਦਰ ਨੇ ਤਿੰਨ ਮਹੀਨੇ ਪਹਿਲਾਂ ਇੱਕ ਏਜੰਸੀ ਰਾਹੀਂ ਪੰਜਾਬ ਐਂਡ ਸਿੰਧ ਬੈਂਕ ਵਿੱਚ ਸੁਰੱਖਿਆ ਗਾਰਡ ਵਜੋਂ ਨੌਕਰੀ ਕਰਨ ਲੱਗਿਆ ਸੀ। ਪੁਲਿਸ ਨੇ ਮੁਲਜ਼ਮ ਗਾਰਡ ਰਵਿੰਦਰ ਹੁੱਡਾ ਅਤੇ ਉਸ ਦੇ ਸਾਥੀ ਸ਼ੀਸ਼ਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਰਵਿੰਦਰ ਨੇ ਖੁਲਾਸਾ ਕੀਤਾ ਕਿ ਬੈਂਕ ਮੈਨੇਜਰ ਨੇ ਉਸ ਨੂੰ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਉਹ ਆਪਣੀ ਤਨਖਾਹ ਤੋਂ ਵੀ ਅਸੰਤੁਸ਼ਟ ਸੀ। ਜਿਸ ਕਰਕੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।