ਰੱਦ ਹੋਏ ਲਖਨਊ ਟੀ-20 ਮੈਚ ਦੀਆਂ ਟਿਕਟਾਂ ਦਾ ਮਿਲੇਗਾ ਪੂਰਾ ਰਿਫ਼ੰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੈਚ ਲਖਨਊ ਦੇ ਏਕਾਨਾ ਕਿ੍ਰਕਟ ਸਟੇਡੀਅਮ 'ਚ ਖੇਡਿਆ ਜਾਣਾ ਸੀ, ਪਰ ਭਾਰੀ ਧੁੰਦ ਕਾਰਨ ਟਾਸ ਵੀ ਨਹੀਂ ਹੋ ਸਕਿਆ

Tickets for the cancelled Lucknow T20 match will be fully refunded

ਲਖਨਊ : 17 ਦਸੰਬਰ ਨੂੰ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਹੋਣ ਵਾਲੇ ਟੀ-20 ਮੈਚ ਦੇ ਰੱਦ ਹੋਣ ਤੋਂ ਬਾਅਦ ਦਰਸ਼ਕਾਂ ਨੂੰ ਪੂਰਾ ਰਿਫ਼ੰਡ ਮਿਲੇਗਾ। ਇਹ ਮੈਚ ਲਖਨਊ ਦੇ ਏਕਾਨਾ ਕਿ੍ਰਕਟ ਸਟੇਡੀਅਮ ’ਚ ਖੇਡਿਆ ਜਾਣਾ ਸੀ, ਪਰ ਭਾਰੀ ਧੁੰਦ ਕਾਰਨ ਟਾਸ ਵੀ ਨਹੀਂ ਹੋ ਸਕਿਆ। ਇਸ ਲਈ ਦਰਸ਼ਕਾਂ ਨੂੰ ਮੈਚ ਦੇਖੇ ਬਿਨਾਂ ਵਾਪਸ ਜਾਣਾ ਪਿਆ।

ਬੀਸੀਸੀਆਈ ਦੇ ਇਕ ਅਧਿਕਾਰੀ ਨੇ ਦਸਿਆ ਕਿ ਸਾਰੇ ਅੰਤਰਰਾਸ਼ਟਰੀ ਮੈਚਾਂ ਦਾ ਬੀਮਾ ਮੈਚ ਦਾ ਪ੍ਰਬੰਧ ਕਰਨ ਵਾਲੀ ਰਾਜ ਕਿ੍ਰਕਟ ਐਸੋਸੀਏਸ਼ਨ ਦੁਆਰਾ ਕੀਤਾ ਜਾਂਦਾ ਹੈ। ਨਿਯਮਾਂ ਅਨੁਸਾਰ, ਜੇਕਰ ਮੈਚ ’ਚ ਇਕ ਵੀ ਗੇਂਦ ਸੁੱਟੀ ਜਾਂਦੀ ਹੈ, ਤਾਂ ਪੈਸੇ ਵਾਪਸ ਨਹੀਂ ਕੀਤੇ ਜਾਣਗੇ। ਹਾਲਾਂਕਿ, ਕਿਉਂਕਿ ਟਾਸ ਵੀ ਨਹੀਂ ਹੋਇਆ, ਇਸ ਲਈ ਉੱਤਰ ਪ੍ਰਦੇਸ਼ ਕਿ੍ਰਕਟ ਐਸੋਸੀਏਸ਼ਨ ਬੀਮਾ ਕੰਪਨੀ ਕੋਲ ਦਾਅਵਾ ਦਾਇਰ ਕਰੇਗੀ। ਇਸ ਪ੍ਰਕਿਰਿਆ ਨੂੰ ਪੂਰਾ ਹੋਣ ’ਚ ਲਗਭਗ 7 ਤੋਂ 10 ਦਿਨ ਲੱਗਣਗੇ। ਕਿਉਂਕਿ ਟਿਕਟਾਂ ਆਨਲਾਈਨ ਵੇਚੀਆਂ ਗਈਆਂ ਸਨ, ਇਸ ਲਈ ਦਰਸ਼ਕਾਂ ਦੀ ਜਾਣਕਾਰੀ ਉਪਲਬੱਧ ਹੈ। ਬੀਮੇ ਦੇ ਪੈਸੇ ਪ੍ਰਾਪਤ ਕਰਨ ਤੋਂ ਬਾਅਦ ਟਿਕਟ ਦੀ ਰਕਮ ਸਿੱਧੇ ਦਰਸ਼ਕਾਂ ਦੇ ਬੈਂਕ ਖਾਤਿਆਂ ’ਚ ਵਾਪਸ ਕਰ ਦਿਤੀ ਜਾਵੇਗੀ। ਮੈਚ ਰੱਦ ਹੋਣ ਤੋਂ ਬਾਅਦ ਦਰਸ਼ਕਾਂ ਨੇ ਨਾਰਾਜ਼ਗੀ ਪ੍ਰਗਟ ਕੀਤੀ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਮੈਚ ਵੇਖਣ ਲਈ ਟਿਕਟਾਂ ਖਰੀਦੀਆਂ ਸਨ ਅਤੇ ਅਪਣੇ ਮਨਪਸੰਦ ਕਿ੍ਰਕਟਰਾਂ ਨੂੰ ਖੇਡਦੇ ਵੇਖਣ ਦੀ ਉਮੀਦ ’ਚ ਸਟੇਡੀਅਮ ਆਏ ਸਨ।

ਇਸ ਦੌਰਾਨ, ਕੁੱਝ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਟਿਕਟਾਂ ਖਰੀਦਣ ਲਈ 2-3 ਮਹੀਨਿਆਂ ਲਈ ਅਪਣੀਆਂ ਜੇਬਾਂ ਦੇ ਪੈਸੇ ਬਚਾਏ ਸਨ। ਇਸ ਲਈ, ਇਕ ਵੀ ਗੇਂਦ ਸੁੱਟੇ ਬਿਨਾਂ ਮੈਚ ਰੱਦ ਕਰਨਾ ਨਿਰਾਸ਼ਾਜਨਕ ਸੀ। ਦਰਸ਼ਕਾਂ ਨੇ ਅਪਣੇ ਟਿਕਟ ਦੇ ਪੈਸੇ ਦੀ ਪੂਰੀ ਵਾਪਸੀ ਦੀ ਮੰਗ ਕੀਤੀ ਸੀ।