ਆਪ੍ਰੇਸ਼ਨ ਮਗਰੋਂ ਇਨਫ਼ੈਕਸ਼ਨ ਕਾਰਨ 9 ਮਰੀਜ਼ਾਂ ਦੀਆਂ ਅੱਖਾਂ ਕਢਣੀਆਂ ਪਈਆਂ, 9 ਹੋਰਾਂ ਦੀ ਗਈ ਰੌਸ਼ਨੀ
ਪ੍ਰਸ਼ਾਸਨ ਨੇ ਹਸਪਤਾਲ ਨੂੰ ਸੀਲ ਕਰ ਕੇ ਮਾਮਲੇ ਦੀ ਜਾਂਚ ਦੇ ਦਿਤੇ ਹੁਕਮ
ਗੋਰਖਪੁਰ: ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਚ ਇਕ ਨਿਜੀ ਹਸਪਤਾਲ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ, ਜਿੱਥੇ ਮੋਤੀਆਬਿੰਦ ਦੇ ਆਪ੍ਰੇਸ਼ਨ ਤੋਂ ਬਾਅਦ ਇਨਫੈਕਸ਼ਨ ਕਾਰਨ 9 ਮਰੀਜ਼ਾਂ ਦੀਆਂ ਅੱਖਾਂ ਕੱਢਣੀਆਂ ਪਈਆਂ ਅਤੇ 9 ਹੋਰਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਹਸਪਤਾਲ ਨੂੰ ਸੀਲ ਕਰ ਦਿਤਾ ਹੈ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਹਨ।
ਜ਼ਿਕਰਯੋਗ ਹੈ ਕਿ ਪਹਿਲੀ ਫਰਵਰੀ ਨੂੰ ਨਿਊ ਰਾਜੇਸ਼ ਹਾਈਟੈਕ ਹਸਪਤਾਲ ਵਿਚ ਲਗਾਏ ਗਏ ਇਕ ਅੱਖਾਂ ਦੇ ਕੈਂਪ ਦੌਰਾਨ 30 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਗਏ ਸਨ। ਜਾਣਕਾਰੀ ਮੁਤਾਬਕ ਆਪ੍ਰੇਸ਼ਨ ਦੇ 24 ਘੰਟਿਆਂ ਦੇ ਅੰਦਰ ਹੀ ਕਈ ਮਰੀਜ਼ਾਂ ਨੇ ਅੱਖਾਂ ਵਿਚ ਤੇਜ਼ ਦਰਦ ਅਤੇ ਪਾਣੀ ਆਉਣ ਦੀ ਸ਼ਿਕਾਇਤ ਕੀਤੀ। ਘੱਟੋ-ਘੱਟ 18 ਮਰੀਜ਼ਾਂ ਨੂੰ ਗੰਭੀਰ ਇਨਫੈਕਸ਼ਨ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ, ਲਖਨਊ ਅਤੇ ਵਾਰਾਣਸੀ ਦੇ ਹਸਪਤਾਲਾਂ ਵਿਚ ਰੈਫਰ ਕਰ ਦਿਤਾ ਗਿਆ। ਇਨ੍ਹਾਂ ਵਿਚੋਂ ਕਈਆਂ ਦੀ ਹਾਲਤ ਇੰਨੀ ਖਰਾਬ ਸੀ ਕਿ ਇਨਫੈਕਸ਼ਨ ਨੂੰ ਹੋਰ ਫੈਲਣ ਤੋਂ ਰੋਕਣ ਲਈ ਡਾਕਟਰਾਂ ਨੂੰ ਉਨ੍ਹਾਂ ਦੀਆਂ ਅੱਖਾਂ ਕੱਢਣੀਆਂ ਪਈਆਂ।
ਜ਼ਿਲ੍ਹਾ ਮੈਜਿਸਟਰੇਟ ਦੀਪਕ ਮੀਨਾ ਨੇ ਕਿਹਾ ਹੈ ਕਿ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਹਸਪਤਾਲ ਦੀ ਰਜਿਸਟਰੇਸ਼ਨ ਰੱਦ ਕੀਤੀ ਜਾਵੇਗੀ। ਮੁੱਖ ਮੈਡੀਕਲ ਅਫ਼ਸਰ ਡਾ. ਰਾਜੇਸ਼ ਝਾਅ ਨੇ ਇਸ ਨੂੰ ਗੰਭੀਰ ਲਾਪ੍ਰਵਾਹੀ ਕਰਾਰ ਦਿਤਾ ਹੈ ਅਤੇ ਸਿਹਤ ਵਿਭਾਗ ਦੇ ਟੈਸਟਾਂ ਵਿਚ ਬੈਕਟੀਰੀਆ ਦੀ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਪੀੜਤ ਮਰੀਜ਼ਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਆਪ੍ਰੇਸ਼ਨ ਤੋਂ ਕੁਝ ਘੰਟੇ ਬਾਅਦ ਹੀ ਛੁੱਟੀ ਦੇ ਦਿਤੀ ਗਈ ਸੀ।
ਏਮਜ਼ ਦਿੱਲੀ ਵਿਚ ਇਲਾਜ ਕਰਵਾ ਰਹੇ ਪਰਦੇਸੀ ਨਾਂ ਦੇ ਮਰੀਜ਼ ਨੇ ਦਸਿਆ ਕਿ ਡਾਕਟਰਾਂ ਨੇ ਉਸ ਨੂੰ ਕਹਿ ਦਿਤਾ ਹੈ ਕਿ ਉਸ ਦੀ ਅੱਖ ਦੀ ਰੌਸ਼ਨੀ ਜਾ ਚੁਕੀ ਹੈ। ਇਸੇ ਤਰ੍ਹਾਂ ਗੋਲਾ ਦੀ ਰਹਿਣ ਵਾਲੀ ਸਹਿਵਾਨ ਅਲੀ ਨੇ ਦਸਿਆ ਕਿ ਆਪ੍ਰੇਸ਼ਨ ਤੋਂ ਅਗਲੇ ਦਿਨ ਹੀ ਉਸ ਦੀ ਅੱਖ ਵਿਚੋਂ ਖੂਨ ਵਗਣ ਲੱਗਾ ਅਤੇ ਦਿੱਲੀ ਵਿਚ ਡਾਕਟਰਾਂ ਨੂੰ ਉਸ ਦੀ ਇਕ ਅੱਖ ਕੱਢਣੀ ਪਈ।