ਯੂ.ਪੀ. ਨੇ ਪੰਜਾਬ ਦੇ ਹੜ੍ਹ ਪ੍ਰਭਾਵਤ ਕਿਸਾਨਾਂ ਲਈ ਭੇਜੇ 1000 ਕੁਇੰਟਲ ਕਣਕ ਦੇ ਬੀਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਉੱਤਰ ਪ੍ਰਦੇਸ਼

ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕਣਕ ਦੇ ਬੀਜਾਂ ਨਾਲ ਭਰੇ ਟਰੱਕਾਂ ਨੂੰ ਦਿਖਾਈ ਹਰੀ ਝੰਡੀ

UP sends 1000 quintals of wheat seeds to flood-affected farmers of Punjab

ਲਖਨਊ  : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੰਗਲਵਾਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਤ ਕਿਸਾਨਾਂ ਦੀ ਮਦਦ ਲਈ ਅਪਣੀ ਸਰਕਾਰੀ ਰਿਹਾਇਸ਼ ਤੋਂ 1000 ਕੁਇੰਟਲ ਕਣਕ ਦੇ ਬੀਜ ਲਿਜਾਣ ਵਾਲੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। 

ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਸੂਬੇ ਵਲੋਂ ਦੇਸ਼ ਦੇ ਹਰ ਦੁਖੀ ਨਾਗਰਿਕ ਦੇ ਨਾਲ ਖੜ੍ਹੇ ਹੋਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਦੀਵਾਲੀ ਦਾ ਤਿਉਹਾਰ ਜਦੋਂ ਹਮਦਰਦੀ ਅਤੇ ਸੇਵਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਤਾਂ ਇਹ ਸਹੀ ਅਰਥ ਪ੍ਰਾਪਤ ਕਰਦਾ ਹੈ। 
ਆਦਿਤਿਆਨਾਥ ਨੇ ਕਿਹਾ, ‘‘ਇਸ ਔਖੇ ਸਮੇਂ ’ਚ ਉੱਤਰ ਪ੍ਰਦੇਸ਼ ਸਰਕਾਰ ਪੰਜਾਬ ਦੇ ਅੰਨਦਾਤਾ ਕਿਸਾਨਾਂ ਨਾਲ ਮਜ਼ਬੂਤੀ ਨਾਲ ਖੜੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਕੇਂਦਰ ਅਤੇ ਸੂਬਾ ਸਰਕਾਰ ਰਾਹਤ, ਵਿੱਤੀ ਸਹਾਇਤਾ ਅਤੇ ਮੁੜ ਵਸੇਬੇ ਦੇ ਯਤਨਾਂ ਰਾਹੀਂ ਹਰ ਆਫ਼ਤ ਪ੍ਰਭਾਵਤ ਨਾਗਰਿਕ ਦੀ ਮਦਦ ਕਰਨ ਲਈ ਵਚਨਬੱਧ ਹੈ।’’ ਮੁੱਖ ਮੰਤਰੀ ਨੇ ਭਾਰਤ ਵਿਚ ਖੇਤੀਬਾੜੀ ਆਤਮਨਿਰਭਰਤਾ ਹਾਸਲ ਕਰਨ ਵਿਚ ਪੰਜਾਬ ਦੀ ਅਹਿਮ ਭੂਮਿਕਾ ਦਾ ਜ਼ਿਕਰ ਕੀਤਾ। 
ਹਾਲਾਂਕਿ ਇਸ ਸਾਲ ਭਾਰੀ ਮੀਂਹ ਨੇ ਸੂਬੇ ’ਚ ਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ ਅਤੇ ਕਿਸਾਨਾਂ ਦੇ ਬੀਜ ਭੰਡਾਰ ਨੂੰ ਤਬਾਹ ਕਰ ਦਿਤਾ ਹੈ। ਮੁੱਖ ਮੰਤਰੀ ਨੇ ਦਸਿਆ ਕਿ ਖੇਪ ਵਿਚ ਬੀ.ਬੀ.-327 ਕਣਕ ਦੇ ਬੀਜਾਂ ਦੀਆਂ 2,500 ਬੋਰੀਆਂ (1,000 ਕੁਇੰਟਲ) ਸ਼ਾਮਲ ਹਨ, ਜਿਸ ਨੂੰ ‘ਕਰਨ ਸ਼ਿਵਾਨੀ’ ਵੀ ਕਿਹਾ ਜਾਂਦਾ ਹੈ। 
ਉਨ੍ਹਾਂ ਕਿਹਾ ਕਿ ਬਾਇਓ-ਫੋਰਟੀਫਾਈਡ ਅਤੇ ਰੋਗ-ਰੋਧਕ ਕਿਸਮ ਲਗਭਗ 155 ਦਿਨਾਂ ਵਿਚ ਪੱਕ ਜਾਂਦੀ ਹੈ ਅਤੇ ਪ੍ਰਤੀ ਹੈਕਟੇਅਰ 80 ਕੁਇੰਟਲ ਝਾੜ ਦਿੰਦੀ ਹੈ। ਆਦਿਤਿਆਨਾਥ ਨੇ ਕਿਹਾ ਕਿ ਬੀਜ ਸਹਾਇਤਾ ਨਾ ਸਿਰਫ ਪੰਜਾਬ ਦੇ ਕਿਸਾਨਾਂ ਨਾਲ ਇਕਜੁੱਟਤਾ ਨੂੰ ਦਰਸਾਉਂਦੀ ਹੈ, ਬਲਕਿ ਉੱਤਰ ਪ੍ਰਦੇਸ਼ ਬੀਜ ਵਿਕਾਸ ਨਿਗਮ ਦੀ ਕੁਸ਼ਲਤਾ ਅਤੇ ਵਿਕਾਸ ਨੂੰ ਵੀ ਦਰਸਾਉਂਦੀ ਹੈ, ਜੋ ਇਕ ਸੰਘਰਸ਼ਸ਼ੀਲ ਇਕਾਈ ਤੋਂ ਇਕ ਸਾਲ ਵਿਚ 37 ਕਰੋੜ ਰੁਪਏ ਦਾ ਮੁਨਾਫਾ ਕਮਾਉਣ ਵਾਲੀ ਇਕਾਈ ਵਿਚ ਬਦਲ ਗਈ ਹੈ। 

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਯਾਦ ਵਿਚ ਲਖਨਊ ਵਿਚ ਜਲਦੀ ਹੀ ‘ਬੀਜ ਪਾਰਕ’ ਸਥਾਪਤ ਕੀਤਾ ਜਾਵੇਗਾ, ਜਿਸ ਦੀਆਂ ਤਿਆਰੀਆਂ ਪਹਿਲਾਂ ਹੀ ਮੁਕੰਮਲ ਹੋ ਚੁਕੀਆਂ ਹਨ। ਖੇਤੀਬਾੜੀ ਨਵੀਨਤਾ ਨੂੰ ਉਤਸ਼ਾਹਤ ਕਰਨ ਲਈ ਰਾਜ ਭਰ ਵਿਚ ਪੰਜ ਵਾਧੂ ਬੀਜ ਪਾਰਕਾਂ ਦੀ ਵੀ ਯੋਜਨਾ ਬਣਾਈ ਗਈ ਹੈ। ਬੰਦੀ ਛੋੜ ਦਿਵਸ ਮੌਕੇ ਨਾਗਰਿਕਾਂ ਨੂੰ ਵਧਾਈ ਦਿੰਦਿਆਂ ਆਦਿਤਿਆਨਾਥ ਨੇ ਕਿਹਾ ਕਿ ਸਿੱਖ ਪਰੰਪਰਾ ਤੋਂ ਸੇਵਾ, ਕੁਰਬਾਨੀ ਅਤੇ ਭਲਾਈ ਦੀਆਂ ਸਿੱਖਿਆਵਾਂ ਜਨਤਕ ਜੀਵਨ ਲਈ ਪ੍ਰੇਰਨਾ ਸਰੋਤ ਹਨ।

ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਵੱਲੋਂ ਪੰਜਾਬ ਲਈ ਭੇਜੇ ਕਣਕ ਦੇ 1000 ਕੁਇੰਟਲ ਬੀਜਾਂ ਬਦਲੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਯੋਗੀ ਅਦਿੱਤਿਆਨਾਥ ਨੇ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਕਣਕ ਦੇ ਬੀਜ ਦੇ ਦੋਸਤੀ ਦੀ ਇਕ ਨਵੀਂ ਮਿਸਾਲ ਕਾਇਮ ਕਰ ਦਿੱਤੀ ਹੈ।