ਰਿਆਦ ਵਿਚ ਮਿਜ਼ਾਈਲ ਹਮਲੇ 'ਚ ਉੱਤਰ ਪ੍ਰਦੇਸ਼ ਦਾ ਨੌਜਵਾਨ ਮਾਰਿਆ ਗਿਆ
ਰਵੀ ਸਤੰਬਰ 2025 ਤੋਂ ਰਿਆਦ ਦੀ ਇਕ ਪਲਾਸਟਿਕ ਫੈਕਟਰੀ ਵਿਚ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ।
ਸਿਤਾਪੁਰ: ਸਾਉਦੀ ਅਰਬ ਦੀ ਰਾਜਧਾਨੀ ਰਿਆਦ ਵਿਚ ਹੋਏ ਇਕ ਸੰਭਾਵਤ ਮਿਜ਼ਾਈਲ ਹਮਲੇ ’ਚ ਉੱਤਰ ਪ੍ਰਦੇਸ਼ ਦੇ ਸਿਤਾਪੁਰ ਜ਼ਿਲ੍ਹੇ ਦੇ ਬਘੈਨ ਪਿੰਡ ਦਾ 26 ਸਾਲ ਦਾ ਰਵੀ ਗੋਪਾਲ ਮਾਰਿਆ ਗਿਆ ਹੈ। ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਅਜੇ ਤਕ ਸਰਕਾਰੀ ਪੁਸ਼ਟੀ ਨਹੀਂ ਹੋਈ। ਰਵੀ ਸਤੰਬਰ 2025 ਤੋਂ ਰਿਆਦ ਦੀ ਇਕ ਪਲਾਸਟਿਕ ਫੈਕਟਰੀ ਵਿਚ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ।
ਉਸ ਦੀ ਪਤਨੀ ਰਿਤੂ ਨੇ ਕਿਹਾ, ‘‘ਰਵੀ ਨੇ 18 ਮਾਰਚ ਦੀ ਰਾਤ 9.30 ਵਜੇ ਆਖ਼ਰੀ ਵਾਰ ਫ਼ੋਨ ਕੀਤਾ ਸੀ। ਕਾਲ 20 ਮਿੰਟ ਬਾਅਦ ਟੁੱਟ ਗਈ ਅਤੇ ਫਿਰ ਉਸ ਦਾ ਫ਼ੋਨ ਬੰਦ ਮਿਲਿਆ।’’ ਰਵੀ ਦਾ ਦੋਸਤ ਰਾਮ ਨਿਵਾਸ, ਜੋ ਬਰਾਬੰਕੀ ਦਾ ਰਹਿਣ ਵਾਲਾ ਹੈ ਅਤੇ ਸਾਉਦੀ ਅਰਬ ਵਿਚ ਕੰਮ ਕਰਦਾ ਹੈ, ਨੇ ਪਰਿਵਾਰ ਨੂੰ ਜਾਣਕਾਰੀ ਦਿਤੀ ਕਿ ਰਵੀ ਫੈਕਟਰੀ ਨੇੜੇ ਮਿਜ਼ਈਲ ਹਮਲੇ ਵਿਚ ਮਲਬੇ ਹੇਠਾਂ ਦੱਬ ਗਿਆ ਸੀ।
ਉਸ ਦਾ ਵੱਡਾ ਭਰਾ ਮਨਮੋਹਨ ਦਿਆਲ ਨੇ ਦਸਿਆ, ‘‘ਰਵੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ। ਰਾਮ ਨਿਵਾਸ ਨੇ ਲਾਸ਼ ਦੀ ਪਛਾਣ ਕੀਤੀ।’’ ਮਹਮੂਦਾਬਾਦ ਦੇ ਐਸ.ਡੀ.ਐਮ. ਬੀ.ਕੇ. ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਪਰਵਾਰ ਨਾਲ ਸੰਪਰਕ ਵਿਚ ਹੈ ਅਤੇ ਸਰਕਾਰ ਨੂੰ ਵੇਰਵੇ ਭੇਜੇ ਗਏ ਹਨ।
ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਅਸੀਮ ਆਰ. ਮਹਾਜਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਭਾਰਤੀ ਦੂਤਾਵਾਸ ਰਿਆਦ ਵਿਚ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਰਵੀ ਦੇ ਸ਼ਵ ਨੂੰ ਜਲਦੀ ਵਾਪਸ ਭੇਜਣ ਦੀ ਕਾਰਵਾਈ ਕਰ ਰਿਹਾ ਹੈ। ਰਵੀ ਅਪਣੇ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਸੀ। ਉਹ ਅਪਣੀ ਪਤਨੀ ਅਤੇ ਚਾਰ ਸਾਲ ਦੇ ਪੁੱਤਰ ਨੂੰ ਪਿੱਛੇ ਛੱਡ ਗਿਆ ਹੈ। ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਅਤੇ ਮ੍ਰਿਤਕ ਦੇਹ ਦੀ ਵਾਪਸੀ ਦੀ ਮੰਗ ਕੀਤੀ ਹੈ। (ਪੀ.ਟੀ.ਆਈ.)