ਰੂਹ ਅਫਜ਼ਾ ‘ਸ਼ਰਬਤ’ ਹੈ ਜਾਂ ‘ਫਰੂਟ ਜੂਸ’ ’ਤੇ ਸੁਪਰੀਮ ਕੋਰਟ ਨੇ ਸੁਣਾਇਆ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਉੱਤਰ ਪ੍ਰਦੇਸ਼

ਰੂਹ ਅਫ਼ਜ਼ਾ ਨੂੰ ਫਰੂਟ ਡਰਿੰਕ ਕਰਾਰ ਦਿੱਤਾ, 4 ਫ਼ੀਸਦੀ ਹੀ ਲੱਗੇਗਾ ਟੈਕਸ

Supreme Court rules on whether Rooh Afza is 'sharbat' or 'fruit juice'

ਲਖਨਊ : ਗਰਮੀਆਂ ’ਚ ਦੇਸ਼ ਭਰ ’ਚ ਵੱਡੀ ਪੱਧਰ ’ਤੇ ਵਰਤੇ ਜਾਣ ਵਾਲੇ ‘ਰੂਹ ਅਫਜ਼ਾ’ ਨੂੰ ਲੈ ਕੇ ਦਹਾਕੇ ਪੁਰਾਣਾ ਕਾਨੂੰਨੀ ਵਿਵਾਦ ਹੁਣ ਸੁਲਝ ਗਿਆ ਹੈ । ਜਸਟਿਸ ਬੀ.ਵੀ. ਨਾਗਰਤਨਾ ਅਤੇ ਜਸਟਿਸ ਆਰ. ਮਹਾਦੇਵਨ ਦੀ ਬੈਂਚ ਨੇ ‘ਹਮਦਰਦ ਲੈਬੋਰੇਟਰੀਜ਼’ ਦੇ ਪੱਖ ਵਿੱਚ ਫੈਸਲਾ ਸੁਣਾਉਂਦੇ ਹੋਏ ‘ਰੂਹ ਅਫਜ਼ਾ’ ਨੂੰ ਫਰੂਟ ਡਰਿੰਕ ਕਰਾਰ ਦਿੱਤਾ ਹੈ। ਇਸ ਫੈਸਲੇ ਨਾਲ ਰੂਹ ਅਫਜ਼ਾ ’ਤੇ ਸਿਰਫ 4 ਫੀਸਦੀ ਹੀ ਵੈਟ ਹੀ ਲੱਗੇਗਾ । ਬੈਂਚ ਨੇ ਕਿਹਾ ਕਿ ‘ਰੂਹ ਅਫਜ਼ਾ’ ਨੂੰ ਸਿਰਫ ਇਸ ਲਈ ਵੱਧ ਟੈਕਸ ਵਾਲੇ ਬ੍ਰੈਕਟ ਵਿੱਚ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਇਸ ਨੂੰ ‘ਸ਼ਰਬਤ’ ਵਜੋਂ ਵਿਗਿਆਪਿਤ ਜਾਂ ਵੇਚਿਆ ਜਾਂਦਾ ਹੈ।

ਮਾਮਲਾ ਉੱਤਰ ਪ੍ਰਦੇਸ਼ ਵੈਲਿਊ ਐਡਿਡ ਟੈਕਸ ਨਾਲ ਜੁੜਿਆ ਸੀ। ਹਮਦਰਦ ਲੈਬੋਰੇਟਰੀਜ਼ ਕੰਪਨੀ ਰੂਹ ਅਫਜ਼ਾ ਨੂੰ ਸ਼ੁਰੂ ਤੋਂ ਹੀ ਫਰੂਟ ਡਰਿੰਕ ਮੰਨ ਕੇ 4 ਫੀਸਦੀ ਵੈਟ ਜਮ੍ਹਾ ਕਰਦੀ ਰਹੀ ਹੈ, ਪਰ ਉੱਤਰ ਪ੍ਰਦੇਸ਼ ਦੇ ਕਮਰਸ਼ੀਅਲ ਟੈਕਸ ਵਿਭਾਗ ਨੇ ਇਸ ਨੂੰ ਨਾਨ-ਫਰੂਟ ਸਿਰਪ ਦੱਸ ਕੇ ਰੈਸੀਡੂਅਰੀ ਐਂਟਰੀ ਵਿੱਚ ਪਾ ਦਿੱਤਾ ਅਤੇ 12.5% ਟੈਕਸ ਲਗਾਇਆ। ਅਧਿਕਾਰੀਆਂ ਦਾ ਤਰਕ ਸੀ ਕਿ ਫੂਡ ਸੇਫਟੀ ਨਿਯਮਾਂ ਅਨੁਸਾਰ ਕਿਸੇ ਵੀ ਪੇਅ ਨੂੰ ਫਰੂਟ ਸਿਰਪ ਕਹਾਉਣ ਲਈ ਉਸ ਵਿੱਚ ਘੱਟੋ-ਘੱਟ 25 ਫੀਸਦੀ ਫਰੂਟ ਜੂਸ ਹੋਣਾ ਚਾਹੀਦਾ ਹੈ, ਜਦਕਿ ਰੂਹ ਅਫਜ਼ਾ ਵਿੱਚ ਸਿਰਫ 10% ਫਰੂਟ ਜੂਸ ਹੁੰਦਾ ਹੈ । 2018 ਵਿੱਚ ਇਲਾਹਾਬਾਦ ਹਾਈਕੋਰਟ ਨੇ ਵੀ ਵਿਭਾਗ ਦੇ ਪੱਖ ਵਿੱਚ ਫੈਸਲਾ ਦਿੱਤਾ ਸੀ।

ਹਾਈਕੋਰਟ ਨੇ ਕਿਹਾ ਸੀ ਕਿ ਉਪਭੋਗਤਾ ਫਰੂਟ ਜੂਸ ਮੰਗਣ ’ਤੇ ਰੂਹ ਅਫਜ਼ਾ ਨਹੀਂ ਦਿੰਦੇ, ਇਸ ਲਈ ਇਹ ਫਰੂਟ ਡਰਿੰਕ ਨਹੀਂ ਹੈ। ਸੁਪਰੀਮ ਕੋਰਟ ਨੇ ਹਾਈਕੋਰਟ ਦੇ ਤਰਕ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ। ਬੈਂਚ ਨੇ ਕਿਹਾ ਕਿ ਰੂਹ ਅਫਜ਼ਾ ਵਿੱਚ 10 ਫੀਸਦੀ ਫਰੂਟ ਜੂਸ ਅਤੇ ਬਾਕੀ ਇਨਵਰਟ ਸ਼ੂਗਰ ਸਿਰਪ ਅਤੇ ਹਰਬਲ ਡਿਸਟਿਲੇਟਸ ਹੁੰਦੇ ਹਨ। ਇਸ ਨੂੰ ਪਾਣੀ ਜਾਂ ਦੁੱਧ ਵਿੱਚ ਮਿਲਾ ਕੇ ਪੀਣ ਲਈ ਬਣਾਇਆ ਜਾਂਦਾ ਹੈ । ਇਸ ਨੂੰ  ਉੱਤਰ ਪ੍ਰਦੇਸ਼ ਵੈਲਿਊ ਐਡਿਡ ਟੈਕਸ ਐਕਟ ਅਧੀਨ ‘ਫਰੂਟ ਡਰਿੰਕ’ ਦੀ ਸ਼੍ਰੇਣੀ ਵਿੱਚ ਰੱਖਿਆ ਜਾਣਾ ਚਾਹੀਦਾ ਹੈ । ਇਸ ਫੈਸਲੇ ਤੋਂ ਬਾਅਦ 2008 ਤੋਂ 2012 ਦੇ ਵਿਚਕਾਰ ਦੀ ਮਿਆਦ ਲਈ ਕੰਪਨੀ ’ਤੇ 12.5% ਦੀ ਬਜਾਏ ਸਿਰਫ 4% ਦੀ ਵੈਟ ਦਰ ਲਾਗੂ ਹੋਵੇਗੀ।