ਉੱਤਰ ਪ੍ਰਦੇਸ਼ ਵਿੱਚ ਬੀਮੇ ਦੇ ਪੈਸੇ ਲੈਣ ਲਈ ਪੁਤਲੇ ਦਾ ਸਸਕਾਰ ਕਰਨ ਦੀ ਕੋਸ਼ਿਸ਼
ਵਪਾਰੀ ਨੇ ਕਰਜ਼ਾ ਲਾਹੁਣ ਲਈ ਅਪਣੇ ਹੀ ਮੁਲਾਜ਼ਮ ਦੀ ਮੌਤ ਦਾ ਰਚਿਆ ਨਾਟਕ
ਹਾਪੁੜ : ਦਿੱਲੀ ਦੇ ਦੋ ਵਪਾਰੀਆਂ ਨੇ ਕਰਜ਼ਾ ਅਦਾ ਕਰਨ ਲਈ 50 ਲੱਖ ਰੁਪਏ ਦੀ ਬੀਮਾ ਧੋਖਾਧੜੀ ਨਾਲ ਦਾਅਵਾ ਕਰਨ ਦੀ ਸਾਜ਼ਸ਼ ਰਚਣ ਦੇ ਹਿੱਸੇ ਵਜੋਂ ਗ੍ਰਿਫ਼ਤਾਰ ਕਰ ਲਿਆ ਹੈ। ਦੋਹਾਂ ਨੇ ਬੀਮਾ ਦੀ ਰਕਮ ਹਾਸਲ ਕਰਨ ਲਈ ਮਨੁੱਖੀ ਸਰੀਰ ਦੀ ਬਜਾਏ ਇਕ ਪੁਤਲੇ ਦਾ ਸਸਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਹ ਅਜੀਬੋ-ਗ਼ਰੀਬ ਘਟਨਾ ਵੀਰਵਾਰ ਨੂੰ ਉਸ ਸਮੇਂ ਸਾਹਮਣੇ ਆਈ ਜਦੋਂ ਚਾਰ ਵਿਅਕਤੀ ਹਰਿਆਣਾ ਦੀ ਰਜਿਸਟਰਡ ਕਾਰ ਵਿਚ ਬ੍ਰਿਜਘਾਟ ਪਹੁੰਚੇ। ਉਨ੍ਹਾਂ ਨੇ ਅੰਤਮ ਸੰਸਕਾਰ ਲਈ ਲੋੜੀਂਦਾ ਘਿਓ ਅਤੇ ਹੋਰ ਚੀਜ਼ਾਂ ਖਰੀਦੀਆਂ ਅਤੇ ਚੁੱਪਚਾਪ ‘ਲਾਸ਼’ ਨੂੰ ਚਿਤਾ ਉਤੇ ਰੱਖ ਦਿਤਾ।
ਹਾਲਾਂਕਿ, ਉਨ੍ਹਾਂ ਦੇ ਘਬਰਾਹਟ ਵਾਲੇ ਵਤੀਰੇ ਨੇ ਸ਼ਮਸ਼ਾਨ ਘਾਟ ਉਤੇ ਮੌਜੂਦ ਨਗਰ ਨਿਗਮ ਦੇ ਕਰਮਚਾਰੀ ਨਿਤਿਨ ਦਾ ਧਿਆਨ ਅਪਣੇ ਵਲ ਖਿੱਚਿਆ। ਜਦੋਂ ਉਸ ਨੇ ‘ਲਾਸ਼’ ਉਪਰੋਂ ਚਾਦਰ ਖਿੱਚੀ, ਤਾਂ ਉਸ ਨੇ ਪਾਇਆ ਕਿ ਅਸਲ ਵਿਚ ਚਿਖਾ ਉਤੇ ਇਕ ਪੁਤਲਾ ਪਿਆ ਸੀ। ਪੁਲਿਸ ਨੇ ਦਸਿਆ ਕਿ ਉਸ ਨੇ ਤੁਰਤ ਨਗਰ ਨਿਗਮ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੀ ਟੀਮ ਮੌਕੇ ਉਤੇ ਪਹੁੰਚੀ ਅਤੇ ਮੁਲਜ਼ਮ ਦੀ ਕਾਰ ਸਮੇਤ ਤਿੰਨ ਪੁਤਲੇ ਬਰਾਮਦ ਕੀਤੇ। ਦੋ ਮੁਲਜ਼ਮਾਂ ਕਮਲ ਸੋਮਾਨੀ ਅਤੇ ਉਸ ਦੇ ਸਾਥੀ ਆਸ਼ੀਸ਼ ਖੁਰਾਣਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਦਿੱਲੀ ਦੇ ਉੱਤਮ ਨਗਰ ਦੀ ਜੈਨ ਕਾਲੋਨੀ ਦੇ ਰਹਿਣ ਵਾਲੇ ਹਨ। ਪੁਲਿਸ ਨੇ ਦਸਿਆ ਕਿ ਉਨ੍ਹਾਂ ਦੇ ਦੋ ਸਾਥੀ ਭੱਜਣ ’ਚ ਕਾਮਯਾਬ ਹੋ ਗਏ। ਪੁੱਛ-ਪੜਤਾਲ ਦੌਰਾਨ ਟੈਕਸਟਾਈਲ ਵਪਾਰੀ ਸੋਮਾਨੀ ਨੇ ਮੰਨਿਆ ਕਿ ਉਸ ਉਤੇ 50 ਲੱਖ ਰੁਪਏ ਦਾ ਕਰਜ਼ਾ ਹੈ ਅਤੇ ਉਹ ਕਈ ਮਹੀਨਿਆਂ ਤੋਂ ਤਣਾਅ ਵਿਚ ਸੀ।
ਸਰਕਲ ਅਫ਼ਸਰ ਸਤੁਤੀ ਸਿੰਘ ਨੇ ਕਿਹਾ, ‘‘ਰਕਮ ਵਾਪਸ ਕਰਨ ਲਈ, ਉਸ ਨੇ ਇਕ ਵਿਸਤ੍ਰਿਤ ਯੋਜਨਾ ਤਿਆਰ ਕੀਤੀ। ਉਸ ਨੇ ਕੁੱਝ ਕਾਗਜ਼ੀ ਕਾਰਵਾਈ ਦੇ ਬਹਾਨੇ ਅਪਣੇ ਇਕ ਮੁਲਾਜ਼ਮ ਨੀਰਜ ਦੇ ਭਰਾ ਅੰਸ਼ੁਲ ਦੇ ਆਧਾਰ ਅਤੇ ਪੈਨ ਕਾਰਡ ਪ੍ਰਾਪਤ ਕੀਤੇ, ਲਗਭਗ ਇਕ ਸਾਲ ਪਹਿਲਾਂ ਅੰਸ਼ੁਲ ਦੇ ਨਾਮ ਉਤੇ 50 ਲੱਖ ਰੁਪਏ ਦੀ ਟਾਟਾ ਏ.ਆਈ.ਏ. ਬੀਮਾ ਪਾਲਿਸੀ ਕੱਢੀ ਸੀ, ਅਤੇ ਉਹ ਨਿਯਮਤ ਤੌਰ ਉਤੇ ਪ੍ਰੀਮੀਅਮ ਦਾ ਭੁਗਤਾਨ ਕਰ ਰਿਹਾ ਸੀ।’’
ਪੁਲਿਸ ਨੇ ਦਸਿਆ ਕਿ ਯੋਜਨਾ ਇਹ ਸੀ ਕਿ ਅੰਸ਼ੁਲ ਨੂੰ ਸ਼ਹਿਰ ਤੋਂ ਬਾਹਰ ਭੇਜਿਆ ਜਾਵੇ, ਪੁਤਲੇ ਨੂੰ ਉਸ ਦੀ ਲਾਸ਼ ਦੇ ਰੂਪ ਵਿਚ ਵਿਖਾਇਆ ਜਾਵੇ, ਸਸਕਾਰ ਕਰ ਕੇ ਸ਼ਮਸ਼ਾਨਘਾਟ ਤੋਂ ਅਧਿਕਾਰਤ ਰਸੀਦ ਪ੍ਰਾਪਤ ਕੀਤਾ ਜਾਵੇ, ਮੌਤ ਦਾ ਸਰਟੀਫਿਕੇਟ ਪ੍ਰਾਪਤ ਕੀਤਾ ਜਾਵੇ ਅਤੇ ਫਿਰ ਬੀਮਾ ਭੁਗਤਾਨ ਦਾ ਦਾਅਵਾ ਕਰਨਾ। ਪੁਲਿਸ ਨੇ ਸੋਮਾਨੀ ਦੇ ਫੋਨ ਨਾਲ ਪਰਿਆਗਰਾਜ ਵਿਚ ਮੌਜੂਦ ਅੰਸ਼ੁਲ ਨੂੰ ਵੀਡੀਉ ਕਾਲ ਕੀਤੀ। ਉਸ ਨੇ ਪੁਲਿਸ ਨੂੰ ਦਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੀ ਮੌਤ ਦਾ ਨਾਟਕ ਬ੍ਰਿਜਘਾਟ ਉਤੇ ਕੀਤਾ ਜਾ ਰਿਹਾ ਹੈ। ਸਰਕਲ ਅਫ਼ਸਰ ਸਿੰਘ ਨੇ ਕਿਹਾ ਕਿ ਇਹ ਬੀਮਾ ਧੋਖਾਧੜੀ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਫਰਾਰ ਸ਼ੱਕੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।