ਉੱਤਰਾਖੰਡ ਵਿੱਚ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਹਰਕ ਸਿੰਘ ਰਾਵਤ ਨੇ ਸਿੱਖਾਂ ਦਾ ਕੀਤਾ ਅਪਮਾਨ
ਕਿਹਾ, 'ਸਰਦਾਰ ਜੀ ਹੱਥ ਖੜ੍ਹੇ ਕਰ ਕੇ ਨਾਅਰਾ ਲਗਾਓ, 12 ਵਜ ਗਏ ਸਰਦਾਰ ਜੀ'
ਉੱਤਰਾਖੰਡ: ਉੱਤਰਾਖੰਡ ਵਿੱਚ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਹਰਕ ਸਿੰਘ ਰਾਵਤ ਨੇ ਇਕ ਰੋਸ ਪ੍ਰਦਰਸ਼ਨ ਵਿੱਚ ਸਿੱਖਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਾਂਗਰਸੀ ਆਗੂ ਹਰਕ ਸਿੰਘ ਰਾਵਤ ਕਹਿ ਰਿਹਾ ਹੈ ਕਿ ਸਰਦਾਰ ਜੀ ਹੱਥ ਖੜ੍ਹੇ ਕਰ ਕੇ ਨਾਅਰਾ ਲਗਾਓ , 12 ਵਜ ਗਏ ਸਰਦਾਰ ਜੀ , 12 ਵਜ ਸਰਦਾਰ ਜੀ।
ਹਰਕ ਸਿੰਘ ਰਾਵਤ ਦੇ ਬਿਆਨ 12 ਵਜ ਗਏ ਸਰਦਾਰ ਜੀ ਨੂੰ ਲੈ ਕੇ ਭਾਜਪਾ ਨੇ ਕਾਂਗਰਸ ਨੂੰ ਘੇਰਿਆ ਹੈ। ਭਾਜਪਾ ਨੇ ਟਵੀਟ ਵਿੱਚ ਲਿਖਿਆ ਹੈ ਕਿ ਇਹ ਕਾਂਗਰਸ ਪਾਰਟੀ ਦੀ ਇੱਕ ਆਦਤ ਬਣਦੀ ਜਾ ਰਹੀ ਹੈ, ਅਤੇ ਹਰਕ ਸਿੰਘ ਰਾਵਤ ਦਾ ਬਿਆਨ ਇਸੇ ਤਰ੍ਹਾਂ ਦਾ ਤਾਜ਼ਾ ਹੈ, ਜੋ ਸਿੱਖ ਭਾਈਚਾਰੇ ਦੀ ਬਹਾਦਰੀ ਅਤੇ ਕੁਰਬਾਨੀ ਦਾ ਅਪਮਾਨ ਕਰਦਾ ਹੈ।
ਭਾਜਪਾ ਨੇ ਲਿਖਿਆ ਹੈ ਕਿ ਕੌਮ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਭਿਆਨਕ ਕਤਲੇਆਮ ਦੇ ਕਾਲੇ ਪਰਛਾਵੇਂ ਨੂੰ ਨਹੀਂ ਭੁੱਲੀ ਹੈ, ਅਤੇ ਅੱਜ ਦੇ ਬਿਆਨ ਸਾਨੂੰ ਉਸ ਦਰਦਨਾਕ ਇਤਿਹਾਸ ਦੀ ਯਾਦ ਦਿਵਾਉਂਦੇ ਹਨ ਅਤੇ ਕਿਵੇਂ ਕਾਂਗਰਸ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਕੁਚਲਣ ਦੀ ਲਗਾਤਾਰ ਕੋਸ਼ਿਸ਼ ਕੀਤੀ ਹੈ।
ਇਸਤੋਂ ਇਲਾਵਾ ਭਾਜਪਾ ਨੇ ਲਿਖਿਆ ਹੈ ਕਿ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਮਾਜ ਨੂੰ ਇਕਜੁੱਟ ਕਰਦੀਆਂ ਹਨ, ਸਾਨੂੰ ਮਾਣ, ਸਤਿਕਾਰ ਅਤੇ ਸੇਵਾ ਦੀਆਂ ਕਦਰਾਂ-ਕੀਮਤਾਂ ਸਿਖਾਉਂਦੀਆਂ ਹਨ - ਨਾ ਸਿਰਫ਼ ਸਿੱਖ ਭਾਈਚਾਰਾ, ਸਗੋਂ ਪੂਰਾ ਦੇਸ਼ ਇਨ੍ਹਾਂ ਪਵਿੱਤਰ ਕਦਰਾਂ-ਕੀਮਤਾਂ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਜ਼ਰੂਰ ਲੋਕਤੰਤਰੀ ਜਵਾਬ ਦੇਵੇਗਾ।