Uttarakhand News: ਸੜਕ ਹਾਦਸੇ ਵਿਚ 3 ਜਿਗਰੀ ਯਾਰਾਂ ਦੀ ਮੌਤ, ਡੂੰਘੀ ਖੱਡ ਵਿੱਚ ਡਿੱਗੀ ਕਾਰ
ਫ਼ੌਜੀ ਲਕਸ਼ਮਣ ਸਿੰਘ ਛੁੱਟੀ 'ਤੇ ਆਇਆ ਸੀ ਘਰ, ਆਯੁਸ਼ ਪੰਤ ਇਕ ਮਹੀਨੇ ਪਹਿਲਾਂ ਹੀ ਲੰਡਨ ਤੋਂ ਆਇਆ ਸੀ ਵਾਪਸ
ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਬੰਗਾਪਾਣੀ ਖੇਤਰ ਵਿੱਚ ਇੱਕ ਇਨੋਵਾ ਕਾਰ 25 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਦਿੱਲੀ ਰਜਿਸਟ੍ਰੇਸ਼ਨ ਨੰਬਰ ਵਾਲੀ ਇਹ ਕਾਰ ਪਿਥੌਰਾਗੜ੍ਹ ਤੋਂ ਮੁਨਸਯਾਰੀ ਜਾ ਰਹੀ ਸੀ। ਬੀਤੇ ਦਿਨ ਸਵੇਰੇ 11 ਵਜੇ ਦੇ ਕਰੀਬ, ਕਾਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਤੇ ਬੰਗਾਪਾਣੀ ਦੇ ਉਮਰਗੜਾ ਨੇੜੇ ਇੱਕ ਖੱਡ ਵਿੱਚ ਡਿੱਗ ਗਈ। ਹਾਦਸੇ ਕਾਰਨ ਘਟਨਾ ਵਾਲੀ ਥਾਂ 'ਤੇ ਦਹਿਸ਼ਤ ਫੈਲ ਗਈ ਅਤੇ ਆਲੇ-ਦੁਆਲੇ ਦੇ ਲੋਕ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ।
ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਫੌਜ ਦਾ ਇੱਕ ਸਿਪਾਹੀ ਲਕਸ਼ਮਣ ਸਿੰਘ ਨੇਗੀ ਵੀ ਸ਼ਾਮਲ ਹੈ ਜੋ ਛੁੱਟੀ 'ਤੇ ਘਰ ਆਇਆ ਹੋਇਆ ਸੀ। ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਇੱਕ ਜ਼ਖ਼ਮੀ ਵਿਅਕਤੀ ਦਾ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਲਕਸ਼ਮਣ ਸਿੰਘ (30), ਅੰਕਿਤ ਪਾਂਡੇ (30), ਅਤੇ ਆਯੁਸ਼ ਪੰਤ (26) ਪਿਥੌਰਾਗੜ੍ਹ ਜ਼ਿਲ੍ਹੇ ਦੇ ਵਸਨੀਕ ਸਨ। ਹਾਦਸੇ ਵਿੱਚ ਜ਼ਖ਼ਮੀ ਹੋਏ ਦੇਵੇਂਦਰ ਪੰਤ (25),ਵੀ ਪਿਥੌਰਾਗੜ੍ਹ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਸੜਕ ਹਾਦਸੇ ਵਿੱਚ ਮਰਨ ਵਾਲੇ ਆਯੁਸ਼ ਪੰਤ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਸੀ ਅਤੇ ਲੰਡਨ ਵਿੱਚ ਕੰਮ ਕਰ ਰਿਹਾ ਸੀ। ਉਹ 16 ਫਰਵਰੀ ਨੂੰ ਘਰ ਵਾਪਸ ਆਇਆ ਸੀ ਅਤੇ ਪਿਥੌਰਾਗੜ੍ਹ ਸ਼ਹਿਰ ਵਿੱਚ ਆਪਣਾ ਜਿਮ ਵੀ ਚਲਾ ਰਿਹਾ ਸੀ। ਉਸ ਦੇ ਪਰਿਵਾਰਕ ਮੈਂਬਰ ਇਸ ਹਾਦਸੇ 'ਤੇ ਬਾਅਦ ਸਦਮੇ ਵਿਚ ਹਨ।
ਹਾਦਸੇ ਦੀ ਸੂਚਨਾ ਮਿਲਦੇ ਹੀ ਮਡਕੋਟ ਪੁਲਿਸ ਚੌਕੀ ਦੇ ਇੰਚਾਰਜ ਨੀਰਜ ਚੌਹਾਨ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ। ਇਸ ਤੋਂ ਬਾਅਦ ਮਾਲ ਵਿਭਾਗ ਅਤੇ ਐਸਡੀਆਰਐਫ ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚੀਆਂ। ਸਥਾਨਕ ਨਿਵਾਸੀਆਂ ਦੀ ਮਦਦ ਨਾਲ ਖੱਡ ਵਿੱਚ ਡਿੱਗੀ ਕਾਰ ਤੱਕ ਪਹੁੰਚਿਆ ਗਿਆ ਅਤੇ ਜ਼ਖ਼ਮੀ ਅਤੇ ਮ੍ਰਿਤਕਾਂ ਨੂੰ ਬਾਹਰ ਕੱਢਿਆ ਗਿਆ।