Uttarakhand ਸਰਕਾਰ ਦਾ ਨਵਾਂ ਉਪਰਾਲਾ, ਅਵਾਰਾ ਪਸ਼ੂਆਂ ਨੂੰ ਪਨਾਹ ਦੇਣ ਲਈ ਮਿਲਣਗੇ 12 ਹਜ਼ਾਰ ਰੁਪਏ ਪ੍ਰਤੀ ਮਹੀਨਾ
ਸਿਰਫ਼ ਪੇਂਡੂ ਇਲਾਕਿਆਂ ਲਈ ਲਾਗੂ ਹੋਵੇਗੀ ਯੋਜਨਾ
ਪਿਥੌਰਾਗੜ੍ਹ : ਉਤਰਾਖੰਡ ਸਰਕਾਰ ਨੇ ਅਵਾਰਾ ਪਸ਼ੂਆਂ ਨੂੰ ਸੜਕਾਂ ਅਤੇ ਖੇਤਾਂ ਤੋਂ ਹਟਾਉਣ ਲਈ ਦੋ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਜਿਸ ਤਹਿਤ ਇਨ੍ਹਾਂ ਪਸ਼ੂਆਂ ਨੂੰ ਪਨਾਹ ਦੇਣ ਵਾਲੇ ਲੋਕ ਪ੍ਰਤੀ ਮਹੀਨਾ 12,000 ਰੁਪਏ ਤਕ ਕਮਾ ਸਕਦੇ ਹਨ। ਅਧਿਕਾਰੀਆਂ ਮੁਤਾਬਕ ਪਸ਼ੂ ਪਾਲਣ ਵਿਭਾਗ ਨੇ ਇਹ ਯੋਜਨਾਵਾਂ ਸਿਰਫ ਪੇਂਡੂ ਇਲਾਕਿਆਂ ਲਈ ਲਾਗੂ ਕੀਤੀਆਂ ਹਨ।
ਯੋਗੇਸ਼ ਸ਼ਰਮਾ ਨੇ ਦਸਿਆ ਕਿ ਇਸ ਦਾ ਉਦੇਸ਼ ਅਵਾਰਾ ਪਸ਼ੂਆਂ ਨੂੰ ਪਨਾਹ, ਭੋਜਨ ਅਤੇ ਸਿਹਤ ਸੰਭਾਲ ਮੁਹੱਈਆ ਕਰਵਾਉਣਾ ਅਤੇ ਫਸਲਾਂ ਨੂੰ ਉਨ੍ਹਾਂ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ, ‘‘ਗ੍ਰਾਮ ਗੌਰ ਸੇਵਕ ਯੋਜਨਾ ਤਹਿਤ ਵੱਧ ਤੋਂ ਵੱਧ ਪੰਜ ਨਰ ਅਵਾਰਾ ਪਸ਼ੂਆਂ ਨੂੰ ਪਨਾਹ ਦੇਣ ਵਾਲਿਆਂ ਨੂੰ ਪ੍ਰਤੀ ਪਸ਼ੂ ਪ੍ਰਤੀ ਦਿਨ 80 ਰੁਪਏ ਦੀ ਦਰ ਨਾਲ ਭੁਗਤਾਨ ਕੀਤਾ ਜਾਵੇਗਾ, ਜਦਕਿ ਇਨ੍ਹਾਂ ਪਸ਼ੂਆਂ ਨੂੰ ਮੁਫਤ ਸਿਹਤ ਸੰਭਾਲ ਵੀ ਦਿਤੀ ਜਾਵੇਗੀ।
ਇਸ ਤਰ੍ਹਾਂ ਪੰਜ ਨਰ ਅਵਾਰਾ ਪਸ਼ੂਆਂ ਨੂੰ ਪਾਲਣ ਵਾਲਿਆਂ ਨੂੰ ਪਸ਼ੂ ਪਾਲਣ ਵਿਭਾਗ ਵਲੋਂ 12,000 ਰੁਪਏ ਪ੍ਰਤੀ ਮਹੀਨਾ ਮਿਲਣਗੇ।’’ ਉਨ੍ਹਾਂ ਕਿਹਾ ਕਿ ਇਸ ਵੇਲੇ ਜ਼ਿਲ੍ਹੇ ਦੇ ਛੇ ਲੋਕ ਇਸ ਯੋਜਨਾ ਦਾ ਲਾਭ ਲੈ ਰਹੇ ਹਨ। ਸ਼ਰਮਾ ਨੇ ਕਿਹਾ ਕਿ ਦੂਜੀ ਯੋਜਨਾ ‘ਗਊਸ਼ਾਲਾ ਯੋਜਨਾ’ (ਗਊਸ਼ਾਲਾ ਯੋਜਨਾ) ਦੇ ਨਾਮ ਨਾਲ ਸ਼ੁਰੂ ਕੀਤੀ ਗਈ ਹੈ, ਜਿਸ ਵਿਚ ਕੋਈ ਵਿਅਕਤੀ ਅਪਣੇ ਗਊਸ਼ਾਲਾ ਵਿਚ ਜਿੰਨੇ ਮਰਜ਼ੀ ਅਵਾਰਾ ਪਸ਼ੂਆਂ ਨੂੰ ਰੱਖ ਸਕਦਾ ਹੈ, ਜਿਸ ਲਈ ਉਨ੍ਹਾਂ ਨੂੰ ਪ੍ਰਤੀ ਪਸ਼ੂ 80 ਰੁਪਏ ਦੀ ਰੋਜ਼ਾਨਾ ਫੀਸ ਦੇ ਅਨੁਸਾਰ ਭੁਗਤਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਮੁਨਸਿਯਾਰੀ ਅਤੇ ਬਰਾਵੇ ’ਚ ਦੋ ਗਊ ਆਸਰੇ ਚੱਲ ਰਹੇ ਹਨ, ਜਿੱਥੇ ਕੁਲ 225 ਅਵਾਰਾ ਪਸ਼ੂਆਂ ਨੂੰ ਪਨਾਹ ਅਤੇ ਭੋਜਨ ਮਿਲ ਰਿਹਾ ਹੈ। (ਪੀਟੀਆਈ)