Uttarakhand ’ਚ ਠੰਢ ਦਾ ਕਹਿਰ, ਦੋ ਦਿਨਾਂ ’ਚ 9 ਡਿਗਰੀ ਘਟਿਆ ਤਾਪਮਾਨ
ਪਹਾੜੀ ਇਲਾਕਿਆਂ ’ਚ ਮੀਂਹ ਅਤੇ ਬਰਫ਼ਬਾਰੀ ਦਾ ਅਲਰਟ
ਦੇਹਰਾਦੂਨ : ਉੱਤਰਾਖੰਡ ਵਿੱਚ ਪਿਛਲੇ ਦੋ ਦਿਨਾਂ ਤੋਂ ਠੰਡ ਵਧ ਗਈ ਹੈ, ਜਿੱਥੇ ਦੋ ਦਿਨ ਪਹਿਲਾਂ ਵੱਧ ਤੋਂ ਵੱਧ ਤਾਪਮਾਨ ਲਗਭਗ 25 ਡਿਗਰੀ ਸੀ ਹੁਣ ਇਹ ਘਟ ਕੇ 16 ਡਿਗਰੀ ਰਹਿ ਗਿਆ ਹੈ। ਅੱਜ ਯਾਨੀ 21 ਦਸੰਬਰ ਨੂੰ 6 ਜ਼ਿਲ੍ਹਿਆਂ ਵਿੱਚ ਧੁੰਦ ਛਾਈ ਹੋਈ ਹੈ, ਜਿਨ੍ਹਾਂ ਵਿੱਚ ਹਰਿਦੁਆਰ, ਊਧਮ ਸਿੰਘ ਨਗਰ ਦੇ ਨਾਲ-ਨਾਲ ਦੇਹਰਾਦੂਨ, ਨੈਨੀਤਾਲ, ਚੰਪਾਵਤ ਅਤੇ ਪੌੜੀ ਦੇ ਮੈਦਾਨੀ ਇਲਾਕੇ ਸ਼ਾਮਲ ਹਨ।
ਇਨ੍ਹਾਂ ਵਿੱਚੋਂ ਹਰਿਦੁਆਰ ਅਤੇ ਊਧਮ ਸਿੰਘ ਨਗਰ ਲਈ ਖਾਸ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਅੱਜ ਮੌਸਮ ਵਿਭਾਗ ਨੇ 4 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਬਰਫਬਾਰੀ ਦਾ ਅਲਰਟ ਜਾਰੀ ਕੀਤਾ ਹੈ, ਜਿਨ੍ਹਾਂ ਵਿੱਚ ਉੱਤਰਕਾਸ਼ੀ, ਚਮੋਲੀ, ਰੁਦਰਪ੍ਰਯਾਗ ਅਤੇ ਪਿਥੌਰਾਗੜ੍ਹ ਸ਼ਾਮਲ ਹਨ। ਇਸੇ ਤਰ੍ਹਾਂ ਲਗਾਤਾਰ ਦੂਜੇ ਦਿਨ ਦਿੱਲੀ ਤੋਂ ਸਵੇਰੇ ਦੇਹਰਾਦੂਨ ਜਾਣ ਵਾਲੀ ਇੰਡੀਗੋ ਦੀ ਫਲਾਈਟ ਲਗਭਗ 52 ਮਿੰਟ ਲੇਟ ਨਾਲ ਪਹੁੰਚੀ। ਇਸ ਤੋਂ ਪਹਿਲਾਂ ਕੱਲ੍ਹ ਇਹੀ ਫਲਾਈਟ ਰੱਦ ਕਰ ਦਿੱਤੀ ਗਈ ਸੀ।ਦੇਹਰਾਦੂਨ ਸਥਿਤ ਮੌਸਮ ਵਿਗਿਆਨ ਕੇਂਦਰ ਲਗਾਤਾਰ ਚੇਤਾਵਨੀ ਜਾਰੀ ਕਰ ਰਿਹਾ ਹੈ। ਉੱਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਪਹਿਲਾਂ ਹੀ ਕੜਾਕੇ ਦੀ ਠੰਡ ਪੈ ਰਹੀ ਹੈ, ਹੁਣ ਉਸ ਦਾ ਸਿੱਧਾ ਅਸਰ ਮੈਦਾਨੀ ਜ਼ਿਲ੍ਹਿਆਂ ਵਿੱਚ ਵੀ ਦਿਖਣ ਲੱਗਾ ਹੈ। ਹਰ ਸਵੇਰੇ ਧੁੰਦ ਦੀ ਮੋਟੀ ਚਾਦਰ ਸੜਕਾਂ ਉੱਤੇ ਫੈਲੀ ਰਹੀ, ਜਿਸ ਕਾਰਨ ਵਿਜ਼ੀਬਿਲਟੀ ਘੱਟ ਹੋ ਰਹੀ ਹੈ। ਖਾਸ ਕਰਕੇ ਸਕੂਲ ਜਾਣ ਵਾਲੇ ਬੱਚਿਆਂ, ਬਜ਼ੁਰਗਾਂ ਅਤੇ ਦਫ਼ਤਰ ਜਾਣ ਵਾਲੇ ਲੋਕਾਂ ਨੂੰ ਠੰਡ ਅਤੇ ਧੁੰਦ ਦੋਵਾਂ ਨਾਲ ਜੂਝਣਾ ਪੈ ਰਿਹਾ ਹੈ।
ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆਂ ਦੱਸਿਆ ਹੈ ਕਿ ਹਰਿਦੁਆਰ ਅਤੇ ਊਧਮ ਸਿੰਘ ਨਗਰ, ਦੇਹਰਾਦੂਨ, ਨੈਨੀਤਾਲ, ਚੰਪਾਵਤ ਅਤੇ ਪੌੜੀ ਦੇ ਮੈਦਾਨੀ ਖੇਤਰਾਂ ਵਿੱਚ ਕੁਝ ਥਾਵਾਂ ਉੱਤੇ ਘੱਟਾ ਧੁੰਦ ਛਾ ਸਕਦਾ ਹੈ, ਜਿਸ ਕਾਰਨ ਸੜਕ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ।