ਚਮੋਲੀ ਜ਼ਿਲ੍ਹੇ ’ਚ ਪਣ ਬਿਜਲੀ ਪ੍ਰਾਜੈਕਟ ਦੀ ਸੁਰੰਗ ’ਚ ਦੋ ਲੋਕੋ ਰੇਲ ਗੱਡੀਆਂ ਦੀ ਟੱਕਰ
ਟੱਕਰ ਦੌਰਾਨ 88 ਵਿਅਕਤੀ ਹੋਏ ਜ਼ਖਮੀ
ਗੋਪੇਸ਼ਵਰ/ਦੇਹਰਾਦੂਨ : ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਨਿਰਮਾਣ ਅਧੀਨ ਵਿਸ਼ਨੂੰਗੜ੍ਹ-ਪਿਪਲਕੋਟੀ ਪਣਬਿਜਲੀ ਪ੍ਰਾਜੈਕਟ ਦੀ ਪਿਪਲਕੋਟੀ ਸੁਰੰਗ ’ਚ ਮਜ਼ਦੂਰਾਂ ਨੂੰ ਲੈ ਜਾ ਰਹੀ ਲੋਕੋ ਟ੍ਰੇਨ ਅਤੇ ਇਕ ਹੋਰ ਲੋਕੋ ਟ੍ਰੇਨ ਇਕ-ਦੂਜੇ ਨਾਲ ਟਕਰਾ ਗਈ, ਜਿਸ ਕਾਰਨ ਘੱਟੋ-ਘੱਟ 88 ਲੋਕ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅਧਿਕਾਰੀਆਂ ਤੋਂ ਪੂਰੀ ਜਾਣਕਾਰੀ ਲਈ ਅਤੇ ਜ਼ਖਮੀਆਂ ਦਾ ਢੁੱਕਵਾਂ ਇਲਾਜ ਕਰਨ ਦੇ ਹੁਕਮ ਦਿਤੇ। ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਗੌਰਵ ਕੁਮਾਰ ਨੇ ਦਸਿਆ ਕਿ ਇਹ ਘਟਨਾ ਮੰਗਲਵਾਰ ਰਾਤ ਕਰੀਬ 8:30 ਵਜੇ ਟੀ.ਐਚ.ਡੀ.ਸੀ. (ਭਾਰਤ) ਵਲੋਂ ਬਣਾਈ ਜਾ ਰਹੀ ਪ੍ਰਾਜੈਕਟ ਦੀ ਸੁਰੰਗ ਦੇ ਅੰਦਰ ਟੀ.ਬੀ.ਐਮ. (ਟਨਲ ਬੋਰਿੰਗ ਮਸ਼ੀਨ) ਸਾਈਟ ਉਤੇ ਵਾਪਰੀ।
ਉਨ੍ਹਾਂ ਕਿਹਾ ਕਿ ਰਾਤ ਦੀ ਸ਼ਿਫਟ ਵਿਚ ਸੁਰੰਗ ਦੀ ਖੁਦਾਈ ਲਈ ਮਜ਼ਦੂਰਾਂ ਨੂੰ ਲੈ ਕੇ ਜਾਣ ਵਾਲੀ ਲੋਕੋ ਟ੍ਰੇਨ ਸੁਰੰਗ ਦੇ ਲਗਭਗ ਦੋ ਕਿਲੋਮੀਟਰ ਅੰਦਰ ਪਹੁੰਚ ਗਈ ਸੀ ਜਦੋਂ ਦੂਸਰੇ ਪਾਸਿਓਂ ਸਮੱਗਰੀ ਲੈ ਕੇ ਜਾਣ ਵਾਲੀ ਇਕ ਹੋਰ ਲੋਕੋ ਟ੍ਰੇਨ ਕੰਟਰੋਲ ਗੁਆ ਕੇ ਇਸ ਨਾਲ ਟਕਰਾ ਗਈ।