ਅਮਰੀਕਾ ਨੇ ਦਬਾਅ ਪਾਇਆ ਤਾਂ ਰਵਈਆ ਬਦਲ ਲਵਾਂਗੇ  : ਕਿਮ ਜੋਂਗ ਉਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉਤਰ ਕੋਰੀਆ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵੱਲੋਂ ਕਈ ਪਾਬੰਦੀਆਂ ਲਗਾਈਆਂ ਜਾ ਚੁੱਕੀਆਂ ਹਨ।

Kim Jong Un

ਸਿਓਲ : ਉਤਰ ਕੋਰੀਆ ਅਤੇ ਅਮਰੀਕਾ ਵਿਚਕਾਰ ਸਬੰਧਾਂ ਵਿਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ। ਕੋਰੀਆਈ ਨੇਤਾ ਕਿਮ ਜੋਂਗ ਉਨ ਨੇ ਚਿਤਾਵਨੀ ਦਿਤੀ ਹੈ ਕਿ ਜੇਕਰ ਅਮਰੀਕਾ ਪਾਬੰਦੀਆਂ ਰਾਹੀਂ ਦਬਾਅ ਬਣਾਉਣ ਜ਼ਾਰੀ ਰੱਖਦਾ ਹੈ ਤਾਂ ਪਿਉਂਗਯਾਗ ਅਪਣਾ ਪੱਖ ਬਦਲਣ 'ਤੇ ਵਿਚਾਰ ਕਰ ਸਕਦਾ ਹੈ। ਕਿਮ ਨੇ ਅਪਣੇ ਨਵੇਂ ਸਾਲ ਦੇ ਸੰਬੋਧਨ ਦੌਰਾਨ ਇਹ ਗੱਲ ਕੀਤੀ। ਕਿਮ ਨੇ ਕਿਹਾ ਕਿ ਅਮਰੀਕਾ ਨੇ ਜੇਕਰ ਦੁਨੀਆਂ ਦੇ ਸਾਹਮਣੇ ਕੀਤੇ ਅਪਣੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ

ਅਤੇ ਸਾਡੇ ਦੇਸ਼ ਵਿਰੁਧ ਪਾਬੰਦੀ ਅਤੇ ਦਬਾਅ ਨੂੰ ਵਧਾਉਂਦਾ ਰਿਹਾ ਤਾਂ ਸਾਡੇ ਕੋਲ ਅਪਣੀ ਸੱਤਾ ਅਤੇ ਹਿੱਤਾਂ ਦੀ ਰੱਖਿਆ ਕਰਨ ਲਈ ਕੋਈ ਨਵਾਂ ਰਾਹ ਲੱਭਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਰਹਿ ਜਾਵੇਗਾ। ਉਤਰ ਕੋਰੀਆਈ ਨੇਤਾ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਸਿੰਗਾਪੂਰ ਵਿਚ ਜੂਨ ਦੌਰਾਨ ਹੋਏ ਸੰਮੇਲਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਗੱਲਬਾਤ ਕਾਮਯਾਬ ਰਹੀ ਅਤੇ ਰਚਨਾਤਮਕ ਪੱਖਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਦੱਸ ਦਈਏ ਕਿ ਉਸ ਦੌਰਾਨ ਦੋਹਾਂ ਨੇਤਾਵਾਂ ਨੇ ਕੋਰੀਆਈ ਪ੍ਰਾਇਦੀਪ ਦੇ ਪਰਮਾਣੂ ਨਿਰੋਧਕਤਾ ਦੇ ਸਮਝੌਤੇ 'ਤੇ ਹਸਤਾਖ਼ਰ ਕੀਤੇ ਸਨ। ਪਰ ਵਾਸ਼ਿੰਗਟਨ ਅਤੇ ਪਿਉਂਗਯਾਂਗ ਵਿਚਕਾਰ ਉਸ ਦੇ ਅਸਲ ਮਤਲਬ ਨੂੰ ਲੈ ਕੇ ਚਲ ਰਹੀ ਬਹਿਸ ਕਾਰਨ ਇਹ ਰੁਕਿਆ ਹੋਇਆ ਹੈ। ਉਤਰ ਕੋਰੀਆ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵੱਲੋਂ ਕਈ ਪਾਬੰਦੀਆਂ ਲਗਾਈਆਂ ਜਾ ਚੁੱਕੀਆਂ ਹਨ। ਜਿਸ ਨਾਲ ਪਰਮਾਣੂ ਅਤੇ ਬੈਲਿਸਟਕ ਮਿਜ਼ਾਈਲ ਹਥਿਆਰਾਂ ਦੇ ਪ੍ਰੋਗਰਾਮਾਂ 'ਤੇ ਪਾਬੰਦੀ ਲਗਾਈ ਗਈ ਹੈ।

ਕਿਮ ਨੇ ਕਿਹਾ ਕਿ ਮੈਂ ਅਮਰੀਕੀ ਰਾਸ਼ਟਰਪਤੀ ਦੇ ਨਾਲ ਕਦੇ ਵੀ ਗੱਲਬਾਤ ਲਈ ਤਿਆਰ ਹਾਂ ਅਤੇ ਅੰਤਰਰਾਸ਼ਟਰੀ ਸਮੁਦਾਇ ਵੱਲੋਂ ਕਬੂਲ ਕੀਤੇ ਜਾਣ ਵਾਲੇ ਨਤੀਜੇ ਕੱਢਣ ਦੀਆਂ ਕੋਸ਼ਿਸ਼ਾਂ ਕਰਾਂਗਾ। ਸਿਓਲ ਅਤੇ ਵਾਸ਼ਿੰਗਟਨ ਵਿਚਕਾਰ ਇਕ ਸੁਰੱਖਿਆ ਸੰਧੀ ਹੈ ਅਤੇ ਅਮਰੀਕਾ ਨੇ ਦੱਖਣੀ ਕੋਰੀਆ ਨੂੰ ਗੁਆਂਢੀ ਦੇਸ਼ ਤੋਂ ਸੁਰੱਖਿਆ ਦੇਣ ਲਈ ਅਪਣੇ 28,500 ਫ਼ੌਜੀ ਉਥੇ ਤੈਨਾਤ ਕਰ ਰੱਖੇ ਹਨ।