ਬੰਗਲਾਦੇਸ਼ 'ਚ ਸ਼ੇਖ਼ ਹਸੀਨਾ ਦੀ ਜ਼ਬਰਦਸਤ ਜਿੱਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਵਾਮੀ ਲੀਗ ਨੇ 300 ਵਿਚੋਂ 288 ਸੀਟਾਂ ਜਿੱਤੀਆਂ......

Sheikh Hasina

ਢਾਕਾ  : ਪ੍ਰਧਾਨ ਮੰਤਰੀ ਸ਼ੇਖ਼ ਦੀ ਅਗਵਾਈ ਵਾਲੇ ਗਠਜੋੜ ਨੇ ਬੰਗਲਾਦੇਸ਼ ਵਿਚ ਐਤਵਾਰ ਨੂੰ ਹੋਈ ਆਮ ਚੋਣਾਂ ਵਿਚ ਵੱਡੀ ਜਿੱਤ ਦਰਜ ਕੀਤੀ ਹੈ। ਨਤੀਜਿਆਂ ਨੂੰ ਰੱਦ ਕਰਦਿਆਂ ਵਿਰੋਧੀ ਗਠਜੋੜ ਨੇ ਨਵੇਂ ਸਿਰੇ ਤੋਂ ਚੋਣਾਂ ਕਰਾਉਣ ਦੀ ਮੰਗ ਕੀਤੀ ਹੈ। ਚੋਣ ਕਮਿਸ਼ਨ ਦੇ ਸਕੱਤਰ ਹੇਲਾਲੂਦੀਨ ਅਹਿਮਦ ਨੇ ਦਸਿਆ ਕਿ ਸੱਤਾਧਿਰ ਅਵਾਮੀ ਲੀਗ ਦੀ ਅਗਵਾਈ ਵਾਲੇ ਗਠਜੋੜ ਨੇ 300 ਮੈਂਬਰੀ ਸੰਸਦ ਵਿਚ 288 ਸੀਟਾਂ ਜਿੱਤੀਆਂ ਹਨ। ਯੂਐਨਐਫ਼ ਨੂੰ ਸੱਤ ਸੀਟਾਂ ਮਿਲੀਆਂ ਹਨ ਜਦਕਿ ਹੋਰਾਂ ਨੂੰ ਤਿੰਨ ਸੀਟਾਂ ਮਿਲੀਆਂ ਹਨ। 

ਇਸ ਤੋਂ ਪਹਿਲਾਂ ਮਤਦਾਨ ਦੌਰਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਵਾਪਰੀਆਂ ਹਿੰਸਕ ਵਾਰਦਾਤਾਂ ਵਿਚ ਘੱਟੋ ਘੱਟ 18 ਲੋਕ ਮਾਰੇ ਗਏ ਅਤੇ 200 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਖ਼ਬਰਾਂ ਮੁਤਾਬਕ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਅਗਵਾਈ ਵਾਲੇ ਵਿਰੋਧੀ ਨੈਸ਼ਨਲ ਯੂਨਿਟੀ ਫ਼ਰੰਟ ਨੂੰ ਸਿਰਫ਼ ਅੱਠ ਸੀਟਾਂ ਮਿਲੀਆਂ। ਬੀਐਨਪੀ ਪਿਛਲੇ 12 ਸਾਲਾਂ ਤੋਂ ਸੱਤਾ ਤੋਂ ਬਾਹਰ ਹੈ ਅਤੇ ਉਸ ਨੇ 2014 ਵਿਚ ਹੋਈਆਂ ਆਮ ਚੋਣਾਂ ਦਾ ਬਾਈਕਾਟ ਕੀਤਾ ਸੀ। ਫ਼ਰੰਟ ਨੇ ਚੋਣਾਂ ਰੱਦ ਕਰ ਕੇ ਨਵੇਂ ਸਿਰੇ ਤੋਂ ਚੋਣਾਂ ਕਰਾਉਣ ਦੀ ਮੰਗ ਕੀਤੀ ਹੈ। ਦੋਸ਼ ਲਾਇਆ ਗਿਆ ਹੈ ਕਿ ਚੋਣਾਂ ਵਿਚ ਵੱਡੇ ਪੱਧਰ 'ਤੇ ਧਾਂਦਲੀਆਂ ਹੋਈਆਂ ਹਨ।

ਪਾਰਟੀ ਆਗੂ ਮਿਰਜ਼ਾ ਇਸਲਾਮ ਨੇ ਚੋਣਾਂ ਨੂੰ ਕੋਝਾ ਮਜ਼ਾਕ ਦਸਿਆ। ਉਹ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦੀ ਗ਼ੈਰ-ਮੌਜੂਦਗੀ ਵਿਚ ਪਾਰਟੀ ਦੀ ਕਮਾਨ ਸੰਭਾਲ ਰਹੇ ਹਨ। ਚੋਣ ਕਮਿਸ਼ਨ ਨੇ ਦਖਣੀ ਪਛਮੀ ਗੋਪਾਲ ਗੰਜ ਸੀਟ ਦੇ ਪੂਰੇ ਨਤੀਜੇ ਦੀ ਪੁਸ਼ਟੀ ਕੀਤੀ। ਇਥੋਂ ਸ਼ੇਖ਼ ਹਸੀਨਾ ਨੇ ਦੋ ਲੱਖ 29 ਹਜ਼ਾਰ ਵੋਟਾਂ ਨਾਲ ਜਿੱਤ ਦਰਜ ਕੀਤੀ ਜਦਕਿ ਵਿਰੋਧੀ ਉਮੀਦਾਰ ਨੂੰ ਮਹਿਜ਼ 123 ਵੋਟਾਂ ਪਈਆਂ। ਹਸੀਨਾ ਚੌਥੀ ਵਾਰ ਦੇਸ਼ ਦੀ ਪ੍ਰਧਾਨ ਮੰਤਰੀ ਬਣੇਗੀ ਜਦਕਿ ਉਸ ਦੀ ਵਿਰੋਧੀ ਖਾਲਿਦਾ ਜ਼ੀਆ ਢਾਕਾ ਜੇਲ ਵਿਚ ਬੰਦ ਹੈ। ਚੋਣਾਂ ਦੌਰਾਨ ਵਾਪਰੀ ਹਿੰਸਾ ਵਿਚ 18 ਜਣੇ ਮਾਰੇ ਗਏ ਹਨ। (ਏਜੰਸੀ)