ਅਮਰੀਕੀ ਕਾਂਗਰਸ ਨੇ ਭਾਰਤ ਨੂੰ ਪ੍ਰੀਡੇਟਰ ਡਰੋਨ ਵੇਚਣ ਨੂੰ ਦਿਤੀ ਮਨਜ਼ੂਰੀ 

ਏਜੰਸੀ

ਖ਼ਬਰਾਂ, ਕੌਮਾਂਤਰੀ

ਬਾਈਡਨ ਪ੍ਰਸ਼ਾਸਨ ਨੇ ਭਾਰਤ ਨੂੰ 31 ਐਮ.ਕਿਊ.-9ਬੀ ਡਰੋਨ ਸਪਲਾਈ ਕਰਨ ਬਾਰੇ ਅਮਰੀਕੀ ਕਾਂਗਰਸ ਨੂੰ ਸੂਚਿਤ ਕੀਤਾ 

White House

ਨਵੀਂ ਦਿੱਲੀ: ਅਮਰੀਕੀ ਵਿਦੇਸ਼ ਮੰਤਰਾਲੇ ਨੇ ਪ੍ਰੀਡੇਟਰ ਡਰੋਨ ਬਣਾਉਣ ਵਾਲੀ ਕੰਪਨੀ ਜਨਰਲ ਐਟਮਿਕਸ ਨੂੰ ਅਧਿਕਾਰਤ ਤੌਰ ’ਤੇ ਸੂਚਿਤ ਕੀਤਾ ਹੈ ਕਿ ਅਮਰੀਕੀ ਕਾਂਗਰਸ ਨੇ ਭਾਰਤ ਨੂੰ ਲਗਭਗ 3 ਅਰਬ ਡਾਲਰ ਦੇ 31 ਐਮ.ਕਿਊ.9ਬੀ ਡਰੋਨ ਦੀ ਵਿਕਰੀ ਨਾਲ ਸਬੰਧਤ ‘ਪੱਧਰੀ ਸਮੀਖਿਆ’ ਪ੍ਰਕਿਰਿਆ ਨੂੰ ਮਨਜ਼ੂਰੀ ਦੇ ਦਿਤੀ ਹੈ। ਵਿਦੇਸ਼ ਮੰਤਰਾਲੇ ਨੇ ਸੰਕੇਤ ਦਿਤਾ ਹੈ ਕਿ ਕਾਂਗਰਸ ਨੂੰ ਅਧਿਕਾਰਤ ਨੋਟੀਫਿਕੇਸ਼ਨ ਅਗਲੇ 24 ਘੰਟਿਆਂ ਦੇ ਅੰਦਰ ਸੌਂਪਿਆ ਜਾਵੇਗਾ। 

ਇਸ ਤੋਂ ਪਹਿਲਾਂ ਬਾਈਡਨ ਪ੍ਰਸ਼ਾਸਨ ਨੇ ਵੀਰਵਾਰ ਨੂੰ ਅਮਰੀਕੀ ਕਾਂਗਰਸ ਨੂੰ ਭਾਰਤ ਨੂੰ 31 ਐਮ.ਕਿਊ.-9ਬੀ ਪ੍ਰੀਡੇਟਰ ਲੌਂਗ ਐਂਡਿਊਰੈਂਸ ਡਰੋਨ ਦੀ ਪ੍ਰਸਤਾਵਿਤ ਸਪਲਾਈ ਬਾਰੇ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕੀ ਸਰਕਾਰ ਦੀ ਰੱਖਿਆ ਸੁਰੱਖਿਆ ਸਹਿਯੋਗ ਏਜੰਸੀ ਨੇ ਅੱਜ ਜ਼ਰੂਰੀ ਸਰਟੀਫਿਕੇਟ ਪ੍ਰਦਾਨ ਕੀਤਾ ਅਤੇ ਕਾਂਗਰਸ ਨੂੰ ਸੰਭਾਵਤ ਵਿਕਰੀ ਬਾਰੇ ਸੂਚਿਤ ਕੀਤਾ। 

ਇਸ ਤੋਂ ਪਹਿਲਾਂ ਭਾਰਤ ਅਤੇ ਅਮਰੀਕਾ ਨੇ ਭਾਰਤੀ ਹਥਿਆਰਬੰਦ ਬਲਾਂ ਲਈ 31 ਐਮ.ਕਿਊ.-9ਬੀ ਪ੍ਰੀਡੇਟਰ ਲੌਂਗ ਐਂਡਿਊਰੈਂਸ ਡਰੋਨ ਦੀ ਸਪਲਾਈ ਲਈ 3 ਅਰਬ ਡਾਲਰ ਦੇ ਸੌਦੇ ਲਈ ਗੱਲਬਾਤ ਜਾਰੀ ਰੱਖੀ ਹੈ ਅਤੇ ਅਮਰੀਕੀ ਕਾਂਗਰਸ ਜਲਦੀ ਹੀ ਇਸ ’ਤੇ ਵਿਚਾਰ ਕਰਨ ਜਾ ਰਹੀ ਹੈ। ਇਸ ਮਾਮਲੇ ਨਾਲ ਜੁੜੇ ਲੋਕਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਸੀ ਕਿ ਅਜਿਹੀ ਸਪਲਾਈ ਲਈ ਅਮਰੀਕਾ ਦੀਆਂ ਅਪਣੀਆਂ ਅੰਦਰੂਨੀ ਪ੍ਰਕਿਰਿਆਵਾਂ ਹਨ ਅਤੇ ਨਵੀਂ ਦਿੱਲੀ ਇਸ ਦਾ ਸਨਮਾਨ ਕਰਦੀ ਹੈ। ਉਨ੍ਹਾਂ ਕਿਹਾ, ‘‘ਅਮਰੀਕੀ ਵਿਦੇਸ਼ ਮੰਤਰਾਲੇ ਨੇ ਅਮਰੀਕੀ ਕਾਂਗਰਸ ਵਿਚ ਕਈ ਪ੍ਰਮੁੱਖ ਅਮਰੀਕੀ ਸੰਸਦ ਮੈਂਬਰਾਂ ਨੂੰ ਇਸ ਸਮਝੌਤੇ ਬਾਰੇ ਜਾਣਕਾਰੀ ਦਿਤੀ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਕੋਈ ਰੁਕਾਵਟ ਆਉਣ ਦੀ ਸੰਭਾਵਨਾ ਨਹੀਂ ਹੈ।’’

ਇਸ ਖ਼ਬਰ ਉਸ ਮੀਡੀਆ ਰਿਪੋਰਟ ਵਿਚਕਾਰ ਆਈ ਹੈ ਜਿਸ ’ਚ ਕਿਹਾ ਗਿਆ ਸੀ ਕਿ ਅਮਰੀਕੀ ਸਰਕਾਰ ਨੇ ਭਾਰਤ ਨੂੰ 31 ਐਮ.ਕਿਊ.-9ਏ ਸੀ ਗਾਰਡੀਅਨ ਅਤੇ ਸਕਾਈ ਗਾਰਡੀਅਨ ਡਰੋਨ ਦੀ ਸਪਲਾਈ ਉਦੋਂ ਤਕ ਰੋਕ ਦਿਤੀ ਹੈ ਜਦੋਂ ਤਕ ਨਵੀਂ ਦਿੱਲੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਸ਼ ਦੀ ‘ਸਾਰਥਕ ਜਾਂਚ’ ਨਹੀਂ ਕਰ ਲੈਂਦੀ।