US plane-helicopter crash: ਜਹਾਜ਼ ਹਾਦਸੇ ਵਿਚ ਮਾਰੇ ਗਏ 67 ਲੋਕਾਂ ’ਚ 2 ਭਾਰਤੀ ਵੀ ਸ਼ਾਮਲ

ਏਜੰਸੀ

ਖ਼ਬਰਾਂ, ਕੌਮਾਂਤਰੀ

US plane-helicopter crash: ਭਾਰਤੀ ਮੂਲ ਦੀ ਰਜ਼ਾ ਨੇ ਫ਼ੋਨ ’ਤੇ ਪਤੀ ਨੂੰ ਕਿਹਾ, ਅਸੀਂ 20 ਮਿੰਟਾਂ ’ਚ ਉਤਰਨ ਜਾ ਰਹੇ ਹਾਂ, ਨਾਲ ਹੀ ਵਾਪਰ ਗਿਆ ਹਾਦਸਾ

US plane-helicopter crash, 2 Indians among 67 killed

 

US plane-helicopter crash:  ਅਮਰੀਕਾ ਦੇ ਰੋਨਾਲਡ ਰੀਗਨ ਰਾਸ਼ਟਰੀ ਹਵਾਈ ਅੱਡੇ ’ਤੇ ਫ਼ੌਜ ਦੇ ਹੈਲੀਕਾਪਟਰ ਅਤੇ ਯਾਤਰੀ ਜਹਾਜ਼ ਵਿਚਕਾਰ ਹੋਈ ਟੱਕਰ ਵਿਚ ਮਾਰੇ ਗਏ 67 ਲੋਕਾਂ ਵਿਚ ਭਾਰਤੀ ਮੂਲ ਦੇ 2 ਲੋਕ ਵੀ ਸ਼ਾਮਲ ਹਨ। ਭਾਰਤ ਮੂਲ ਦੇ ਲੋਕਾਂ ’ਚ ਜੀਈ ਏਅਰੋਸਪੇਸ ਦੇ ਇੰਜੀਨੀਅਰ ਵਿਕੇਸ਼ ਪਟੇਲ ਅਤੇ ਵਾਸ਼ਿੰਗਟਨ ਨਿਵਾਸੀ ਸਲਾਹਕਾਰ ਅਸਰਾ ਹੁਸੈਨ ਰਜ਼ਾ ਵੀ ਜਹਾਜ਼ ਵਿਚ ਸਵਾਰ ਸਨ। ਇਹ 2001 ਤੋਂ ਬਾਅਦ ਅਮਰੀਕਾ ਵਿਚ ਸਭ ਤੋਂ ਘਾਤਕ ਜਹਾਜ਼ ਹਾਦਸਾ ਹੈ। ਇਹ ਘਟਨਾ ਬੁਧਵਾਰ ਰਾਤ ਨੂੰ ਵਾਪਰੀ।

ਗ੍ਰੇਟਰ ਸਿਨਸਿਨਾਟੀ ਦੇ ਰਹਿਣ ਵਾਲੇ ਪਟੇਲ ਕੰਪਨੀ ਵਿਚ ‘ਐਮਆਰਓ ਟਰਾਂਸਫਾਰਮੇਸ਼ਨਲ ਲੀਡਰ’ ਸਨ, ਜੋ ਦੇਸ਼ ਭਰ ਵਿਚ ਯਾਤਰਾ ਕਰਦੇ ਸਨ। ਜੀਈ ਏਅਰੋਸਪੇਸ ਦੇ ਪ੍ਰਧਾਨ ਲੈਰੀ ਕਲਪ ਨੇ ਹਾਦਸੇ ਵਿਚ ਮਰਨ ਵਾਲੇ ਕਰਮਚਾਰੀ ਦੀ ਪਛਾਣ ਪਟੇਲ ਵਜੋਂ ਕੀਤੀ। ਕਲਪ ਨੇ ਕਿਹਾ, ‘‘ਇਹ ਨਾ ਸਿਰਫ਼ ਸਾਡੇ ਉਦਯੋਗ ਲਈ, ਸਗੋਂ ਜੀਈ ਏਅਰੋਸਪੇਸ ਟੀਮ ਲਈ ਵੀ ਇਕ ਝਟਕਾ ਹੈ, ਕਿਉਂਕਿ ਸਾਡੇ ਪਿਆਰੇ ਸਾਥੀਆਂ ਵਿਚੋਂ ਇਕ ਵਿਕਾਸ਼ ਪਟੇਲ ਜਹਾਜ਼ ਵਿਚ ਸਵਾਰ ਸਨ।’’ 

ਰਜ਼ਾ (26) ਦੇ ਸਹੁਰੇ ਡਾ. ਹਾਸ਼ਿਮ ਰਜ਼ਾ ਨੇ ਦਸਿਆ ਕਿ ਘਟਨਾ ਵਿਚ ਮਾਰੇ ਗਏ ਲੋਕਾਂ ਵਿਚ ਉਨ੍ਹਾਂ ਦੀ ਨੂੰਹ ਵੀ ਸ਼ਾਮਲ ਹੈ। ਹਾਸ਼ਿਮ ਨੇ ਕਿਹਾ ਕਿ ਰਜ਼ਾ ਨੇ 2020 ਵਿਚ ਇੰਡੀਆਨਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ। ਉਸਦਾ ਪੁੱਤਰ ਅਤੇ ਰਜ਼ਾ ਇਕੋ ਕਾਲਜ ਵਿਚ ਪੜ੍ਹਦੇ ਸਨ ਅਤੇ ਦੋਵਾਂ ਦਾ ਵਿਆਹ ਅਗੱਸਤ 2023 ਵਿਚ ਹੋਇਆ ਸੀ। ਹਾਸ਼ਿਮ ਨੇ ਕਿਹਾ ਕਿ ਰਜ਼ਾ ਵਾਸ਼ਿੰਗਟਨ ਵਿਚ ਇਕ ਸਲਾਹਕਾਰ ਸੀ ਜੋ ਹਸਪਤਾਲ ਨਾਲ ਸਬੰਧਤ ਪ੍ਰਾਜੈਕਟ ’ਤੇ ਕੰਮ ਕਰ ਰਹੀ ਸੀ ਅਤੇ ਇਸ ਮਕਸਦ ਲਈ ਮਹੀਨੇ ਵਿਚ 2 ਵਾਰ ਵਿਚੀਟਾ ਜਾਂਦੀ ਸੀ। ਅਸਰਾ ਰਜ਼ਾ ਦੇ ਪਤੀ ਹਮਾਦ ਰਜ਼ਾ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਸੁਨੇਹਾ ਭੇਜਿਆ ਸੀ ਕਿ ਜਹਾਜ਼ ਉਤਰਨ ਵਾਲਾ ਹੈ, ਪਰ ਜਦੋਂ ਤਕ ਉਹ ਅਸਰਾ ਨੂੰ ਲੈਣ ਲਈ ਹਵਾਈ ਅੱਡੇ ’ਤੇ ਪਹੁੰਚੇ, ਉਦੋਂ ਤਕ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਚੁਕੀ ਸੀ।

ਹਮਾਦ ਨੇ ਕਿਹਾ, ‘‘ਉਸਨੇ (ਅਸਰਾ ਰਜ਼ਾ) ਨੇ ਕਿਹਾ, ‘ਅਸੀਂ 20 ਮਿੰਟਾਂ ਵਿਚ ਉਤਰਨ ਜਾ ਰਹੇ ਹਾਂ। ਇਹ ਆਖ਼ਰੀ ਸ਼ਬਦ ਸਨ ਜੋ ਉਨ੍ਹਾਂ ਨੇ ਅਪਣੀ ਪਤਨੀ ਤੋਂ ਸੁਣੇ ਸਨ। ਐਨਬੀਸੀ ਵਾਸ਼ਿੰਗਟਨ ਨੇ ਹਮਾਦ ਦੇ ਹਵਾਲੇ ਨਾਲ ਕਿਹਾ, ‘‘ਮੈਂ ਉਡੀਕ ਕਰ ਰਿਹਾ ਸੀ, ਅਤੇ ਮੈਂ ਕਈ ਈਐਮਐਸ (ਐਮਰਜੈਂਸੀ ਮੈਡੀਕਲ ਸੇਵਾਵਾਂ) ਵਾਹਨਾਂ ਨੂੰ ਮੇਰੇ ਕੋਲੋਂ ਤੇਜ਼ੀ ਨਾਲ ਲੰਘਦੇ ਦੇਖਿਆ, ਜੋ ਕਿ ਅਸਾਧਾਰਨ ਲੱਗਾ ਅਤੇ ਮੇਰੇ ਸੁਨੇਹੇ ਵੀ ਨਹੀਂ ਜਾ ਰਹੇ ਸਨ। ਸੱਚ ਕਿਹਾਂ ਤਾਂ, ਮੈਂ ਸੱਚਮੁੱਚ ਚਿੰਤਤ ਅਤੇ ਪਰੇਸ਼ਾਨ ਸੀ, ਸੋਚ ਰਿਹਾ ਸੀ ਕਿ ਸਾਡੇ ਨਾਲ ਕੁਝ ਬੁਰਾ ਵਾਪਰਿਆ ਹੈ। ਅਖ਼ੀਰ ਮੇਰਾ ਡਰ ਸੱਚ ਸਾਬਤ ਹੋਇਆ, ਕਿਉਂਕਿ ਇਹ ਉਹੀ ਜਹਾਜ਼ ਸੀ ਜਿਸ ਵਿਚ ਮੇਰੀ ਪਤਨੀ ਸਫ਼ਰ ਕਰ ਰਹੀ ਸੀ।’’