ਆਸਟ੍ਰੇਲੀਆ ਦੇ ਪੂਰਬੀ ਤੱਟ ’ਤੇ ਭਾਰੀ ਹੜ੍ਹ, ਹੁਣ ਤਕ ਸੱਤ ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੂਰਬੀ ਤੱਟ ਦੇ ਖੇਤਰਾਂ ਵਿਚ ਆਏ ਹੜ੍ਹ ਕਾਰਨ ਹੁਣ ਤਕ ਸੱਤ ਲੋਕਾਂ ਦੀ ਮੌਤ ਹੋ ਚੁਕੀ ਹੈ।

Extreme levels of flood danger were announced in at least seven places on Australia's east coast

 

ਬ੍ਰਿਸਬੇਨ :  ਆਸਟ੍ਰੇਲੀਆ ਦਾ ਤੀਜਾ ਸੱਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਬ੍ਰਿਸਬੇਨ ਭਾਰੀ ਮੀਂਹ ਤੋਂ ਬਾਅਦ ਪਾਣੀ ਵਿਚ ਡੁੱਬ ਗਿਆ ਹੈ। ਪੂਰਬੀ ਤੱਟ ਦੇ ਖੇਤਰਾਂ ਵਿਚ ਆਏ ਹੜ੍ਹ ਕਾਰਨ ਹੁਣ ਤਕ ਸੱਤ ਲੋਕਾਂ ਦੀ ਮੌਤ ਹੋ ਚੁਕੀ ਹੈ। 2011 ਤੋਂ ਬਾਅਦ ਬ੍ਰਿਸਬੇਨ ਅਤੇ ਇਸ ਦੇ ਨੇੜਲੇ ਇਲਾਕਿਆਂ ’ਚ ਆਇਆ ਇਹ ਸੱਭ ਤੋਂ ਭਿਆਨਕ ਹੜ੍ਹ ਹੈ। ਉਸ ਸਾਲ ਭਾਰੀ ਮੀਂਹ ਕਾਰਨ 2.6 ਮਿਲੀਅਨ ਦੀ ਆਬਾਦੀ ਵਾਲਾ ਸ਼ਹਿਰ ਪਾਣੀ ਵਿਚ ਡੁੱਬ ਗਿਆ ਸੀ ਅਤੇ ਇਸ ਨੂੰ ਇੱਕ ਸਦੀ ਦੀ ਘਟਨਾ ਦਸਿਆ ਗਿਆ ਸੀ।  

ਕੁਈਨਜ਼ਲੈਂਡ ਸਟੇਟ ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਬ੍ਰਿਸਬੇਨ ਵਿਚ ਇਕ 59 ਸਾਲਾ ਵਿਅਕਤੀ ਐਤਵਾਰ ਨੂੰ ਪੈਦਲ ਇਕ ਛੋਟੀ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਡੁੱਬ ਗਿਆ। ਕੁਈਨਜ਼ਲੈਂਡ ਐਮਰਜੈਂਸੀ ਸੇਵਾ ਨੇ ਬ੍ਰਿਸਬੇਨ ਦੇ ਦੱਖਣ ਵਿਚ ਗੋਲਡ ਕੋਸਟ ਸ਼ਹਿਰ ਦੇ ਕੱੁਝ ਹਿੱਸਿਆਂ ਵਿਚ ਘਾਤਕ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਸਲਾਹ ਦਿਤੀ ਗਈ ਹੈ। ਕੁਈਨਜ਼ਲੈਂਡ ਫ਼ਾਇਰ ਐਂਡ ਐਮਰਜੈਂਸੀ ਸਰਵਿਸ ਨੇ ਕਿਹਾ ਕਿ ਇਸ ਦਾ ਕਈ ਖੇਤਰਾਂ ਨਾਲ ਸੰਪਰਕ ਟੁੱਟ ਗਿਆ ਹੈ। 

ਹੜ੍ਹ ਕਾਰਨ ਸਾਰੀਆਂ ਸੱਤ ਮੌਤਾਂ ਕੁਈਨਜ਼ਲੈਂਡ ਰਾਜ ਵਿਚ ਹੋਈਆਂ, ਜਿਸ ਦੀ ਰਾਜਧਾਨੀ ਬ੍ਰਿਸਬੇਨ ਹੈ। ਸੋਮਵਾਰ ਤਕ ਬ੍ਰਿਸਬੇਨ ਦੇ ਉਪਨਗਰਾਂ ਵਿਚ 2145 ਘਰ ਅਤੇ 2356 ਦੁਕਾਨਾਂ ਪਾਣੀ ਵਿਚ ਡੁੱਬ ਗਈਆਂ ਸਨ ਅਤੇ ਪਾਣੀ ਦਾ ਪੱਧਰ ਵੱਧ ਰਿਹਾ ਹੈ, ਜਿਸ ਨਾਲ ਲਗਭਗ 10,827 ਹੋਰ ਜਾਇਦਾਦਾਂ ਦੇ ਅੰਸ਼ਕ ਤੌਰ ’ਤੇ ਡੁੱਬਣ ਦਾ ਖ਼ਤਰਾ ਹੈ। ਬ੍ਰਿਸਬੇਨ ਦੇ ਲਾਰਡ ਮੇਅਰ ਐਡਰੀਅਨ ਸਕਰੀਨਰ ਨੇ ਕਿਹਾ ਕਿ ਇਸ ਵਾਰ ਦਾ ਹੜ੍ਹ 2011 ਦੇ ਹੜ੍ਹ ਨਾਲੋਂ ਵਖਰਾ ਸੀ ਕਿਉਂਕਿ ਇਸ ਖੇਤਰ ਵਿਚ ਪੰਜ ਦਿਨਾਂ ਤੋਂ ਮੀਂਹ ਪੈ ਰਿਹਾ ਸੀ, ਜਦੋਂ ਕਿ 2011 ਵਿਚ ਬ੍ਰਿਸਬੇਨ ਨਦੀ ਦੇ ਵਧਣ ਤੋਂ ਕਈ ਦਿਨ ਪਹਿਲਾਂ ਮੀਂਹ ਰੁਕ ਗਿਆ ਸੀ। (ਏਜੰਸੀ)