ਪਿਯੋਗਯਾਂਗ 'ਚ 105 ਮੰਜ਼ਲ ਹੋਟਲ ਦਾ ਉਦਘਾਟਨ
ਉੱਤਰੀ ਕੋਰੀਆ ਦੇ ਅੰਤਰ ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਦੀ ਖ਼ਬਰ ਤਾਂ ਬਹੁਤ ਮਸ਼ਹੂਰ ਹੋਈ ਪਰ ਰਾਜਧਾਨੀ ਪਿਯੋਗਯਾਂਗ ਵਿਚ ਬਣੇ 105 ਮੰਜ਼ਲਾ 'ਰਿਗਯੋਂਗ' ਹੋਟਲ ਦਾ..
ਪਿਯੋਗਯਾਂਗ, 31 ਜੁਲਾਈ : ਉੱਤਰੀ ਕੋਰੀਆ ਦੇ ਅੰਤਰ ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਦੀ ਖ਼ਬਰ ਤਾਂ ਬਹੁਤ ਮਸ਼ਹੂਰ ਹੋਈ ਪਰ ਰਾਜਧਾਨੀ ਪਿਯੋਗਯਾਂਗ ਵਿਚ ਬਣੇ 105 ਮੰਜ਼ਲਾ 'ਰਿਗਯੋਂਗ' ਹੋਟਲ ਦਾ ਉਦਘਾਟਨ ਚੁੱਪਚਾਪ ਕਰ ਲਿਆ ਗਿਆ। ਸਾਲਾਂ ਤੋਂ ਸੰਯੁਕਤ ਰਾਸ਼ਟਰ ਦੀਆਂ ਤਮਾਮ ਪਾਬੰਦੀਆਂ ਝੇਲ ਰਹੇ ਉੱਤਰੀ ਕੋਰੀਆ ਵਿਚ ਇੰਨਾ ਵੱਡਾ ਨਿਰਮਾਣ ਸਾਰਿਆਂ ਨੂੰ ਹੈਰਾਨ ਕਰਨ ਵਾਲਾ ਹੈ। ਇਹ ਦੁਨੀਆਂ ਦਾ ਸਭ ਤੋਂ ਉੱਚਾ ਹੋਟਲ ਹੋਵੇਗਾ।
ਜਾਣਕਾਰੀ ਅਨੁਸਾਰ ਸਾਲ 1987 ਵਿਚ ਜਦੋਂ ਇਸ ਹੋਟਲ ਦਾ ਨਿਰਮਾਣ ਕੰਮ ਸ਼ੁਰੂ ਹੋਇਆ ਸੀ ਉਸ ਸਮੇਂ ਵਰਤਮਾਨ ਤਾਨਾਸ਼ਾਹ ਕਿਮ ਜੋਂਗ ਉਨ ਦੇ ਦਾਦਾ ਕਿਮ ਇਲ ਸੁੰਗ ਦਾ ਉੱਤਰੀ ਕੋਰੀਆ ਵਿਚ ਸ਼ਾਸਨ ਸੀ। ਦੋ ਸਾਲ ਵਿਚ ਇਸ ਪ੍ਰਾਜੈਕਟ ਨੇ ਪੂਰੇ ਹੋ ਜਾਣਾ ਸੀ ਪਰ ਇਸ ਪ੍ਰਾਜੈਕਟ ਵਿਚ ਦੇਰੀ ਦੇਸ਼ ਦੀ ਆਰਥਕ ਮੰਦੀ ਅਤੇ ਫਿਰ ਸੰਯੁਕਤ ਰਾਸ਼ਟਰ ਵਲੋਂ ਲਗਾਈਆਂ ਪਾਬੰਦੀਆਂ ਕਾਰਨ ਹੋਈ। ਲਗਭਗ 10 ਸਾਲ ਪਹਿਲਾਂ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਵਿਚ ਮਿਸਰ ਦੀ ਓਰੇਸਕਾਨ ਕੰਪਨੀ ਨੇ ਦਿਲਚਸਪੀ ਵਿਖਾਈ ਸੀ ਪਰ ਹੋਟਲ ਨਿਰਮਾਣ ਦੇ ਕੰਮ ਵਿਚ ਗਤੀ ਕਿਮ ਜੋਂਗ ਦੇ ਸਾਲ 2012 ਵਿਚ ਸੱਤਾ ਸੰਭਾਲਣ ਮਗਰੋਂ ਆਈ।
ਕਿਮ ਜੋਂਗ ਦੇ ਆਦੇਸ਼ ਨਾਲ ਇਸ ਬਿਲਡਿੰਗ ਸਮੇਤ ਉੱਤਰੀ ਕੋਰੀਆ ਦੀਆਂ ਦਰਜਨਾਂ ਇਮਾਰਤਾਂ ਨੂੰ ਬਣਾਇਆ ਗਿਆ। ਇਨ੍ਹਾਂ 'ਚ ਪਿਯੋਗਯਾਂਗ ਵਿਚ 60 ਮੰਜ਼ਲ ਦੀ ਆਵਾਸੀ ਬਿਲਡਿੰਗ ਵੀ ਸ਼ਾਮਲ ਹੈ। ਉੱਤਰੀ ਕੋਰੀਆ ਵਿਚ ਅਜਿਹਾ ਮਹਿੰਗੇ ਹਥਿਆਰ ਵਿਕਾਸ ਕਾਰਜਕ੍ਰਮ ਅਤੇ ਸੰਯੁਕਤ ਰਾਸ਼ਟਰ ਦੀਆਂ ਸਖਤ ਆਰਥਕ ਪਾਬੰਦੀਆਂ ਦੇ ਵਿਚ ਹੋਇਆ। ਜਾਹਰ ਹੈ ਕਿ ਉੱਤਰੀ ਕੋਰੀਆ ਦੀਆਂ ਆਰਥਕ ਗਤੀਵਿਧੀਆਂ ਨੂੰ ਉਸ ਦੌਰਾਨ ਅਪਣੇ ਸਭ ਤੋਂ ਵੱਡੇ ਦੋਸਤ ਚੀਨ ਦਾ ਸਹਿਯੋਗ ਮਿਲਿਆ। ਪਿਰਾਮਿਡ ਦੀ ਸ਼ਕਲ ਵਿਚ ਤਿਆਰ ਇਸ ਇਮਾਰਤ ਵਿਚ ਆਰਥਕ ਪਾਬੰਦੀਆਂ ਦੇ ਦੌਰ ਵਿਚ ਹੋਟਲ ਚੱਲੇਗਾ ਜਾਂ ਇਸ ਵਿਚ ਦਫ਼ਤਰ ਖੁੱਲ੍ਹਣਗੇ। ਇਹ ਇਕ ਵੱਡਾ ਸਵਾਲ ਹੈ।