ਪੁਤਿਨ ਨੇ 755 ਅਮਰੀਕੀ ਡਿਪਲੋਮੈਟਾਂ ਨੂੰ ਰੂਸ ਛੱਡਣ ਦੇ ਆਦੇਸ਼ ਦਿਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਪਾਬੰਦੀਆਂ ਦੀ ਜਵਾਬੀ ਕਾਰਵਾਈ 'ਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ 755 ਅਮਰੀਕੀ ਡਿਪਲੋਮੈਟਾਂ ਨੂੰ ਰੂਸ ਛੱਡਣ ਲਈ ਕਿਹਾ ਹੈ।

Putin

ਮਾਸਕੋ, 31 ਜੁਲਾਈ : ਅਮਰੀਕੀ ਪਾਬੰਦੀਆਂ ਦੀ ਜਵਾਬੀ ਕਾਰਵਾਈ 'ਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ 755 ਅਮਰੀਕੀ ਡਿਪਲੋਮੈਟਾਂ ਨੂੰ ਰੂਸ ਛੱਡਣ ਲਈ ਕਿਹਾ ਹੈ। ਹਾਲਾਂਕਿ ਇਹ ਫ਼ੈਸਲਾ ਸ਼ੁਕਰਵਾਰ ਨੂੰ ਲਿਆ ਗਿਆ ਸੀ, ਪਰ ਪੁਤਿਨ ਨੇ ਗਿਣਤੀ ਦੀ ਪੁਸ਼ਟੀ ਹੁਣ ਕੀਤੀ ਹੈ। ਇਨ੍ਹਾਂ ਡਿਪਲੋਮੈਟਾਂ ਨੂੰ 1 ਸਤੰਬਰ ਤਕ ਰੂਸ ਛੱਡਣ ਲਈ ਕਿਹਾ ਗਿਆ ਹੈ। ਇਸ ਦਾ ਮਤਲਬ 1 ਸਤੰਬਰ ਤੋਂ ਬਾਅਦ ਰੂਸ 'ਚ ਅਮਰੀਕੀ ਮੁਲਾਜ਼ਮਾਂ ਦੀ ਗਿਣਤੀ ਵਾਸ਼ਿੰਗਟਨ ਦੇ ਬਰਾਬਰ 455 ਹੋ ਜਾਵੇਗੀ।
ਇਸ ਦੇ ਜਵਾਬ ਵਿਚ ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਨੂੰ ਦੁਖਦ ਅਤੇ ਬਿਨਾਂ ਕਾਰਨ ਦੀ ਕਾਰਵਾਈ ਦਸਿਆ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਅਮਰੀਕੀ ਦੂਤਘਰ ਨੂੰ ਆਦੇਸ਼ ਦੇ ਰਿਹਾ ਹੈ ਕਿ ਉਹ ਅਮਰੀਕੀ ਕਾਂਗਰਸ ਵਲੋਂ ਲਗਾਈਆਂ ਪਾਬੰਦੀਆਂ ਦੇ ਨਵੇਂ ਪੈਕੇਜ ਨੂੰ ਦਿਤੀ ਗਈ ਮਨਜ਼ੂਰੀ ਦੀ ਪ੍ਰਤੀਕਿਰਿਆ ਦੇ ਤੌਰ 'ਤੇ ਹੁਣ ਰੂਸ ਵਿਚ ਅਪਣੇ ਦੂਤਘਰ ਅਤੇ ਵਣਜ ਦੂਤਘਰ ਦੇ ਕਰਮੀਆਂ ਦੀ ਗਿਣਤੀ ਨੂੰ 455 ਤਕ ਸੀਮਤ ਕਰੇ।
ਮਾਸਕੋ ਵਲੋਂ ਪ੍ਰਤੀਕਿਰਿਆ ਵਜੋਂ ਕੀਤੀ ਗਈ ਕਾਰਵਾਈ 'ਤੇ ਸਫ਼ਾਈ ਦਿੰਦੇ ਹੋਏ ਪੁਤਿਨ ਨੇ ਬਿਆਨ ਦਿਤਾ, ''ਸਾਨੂੰ ਉਮੀਦ ਸੀ ਕਿ ਹੁਣ ਸਥਿਤੀ ਵਿਚ ਥੋੜਾ ਬਦਲਾਅ ਆਵੇਗਾ ਪਰ ਹੁਣ ਲੱਗਦਾ ਹੈ ਕਿ ਇਹ ਬਦਲਾਅ ਛੇਤੀ ਨਹੀਂ ਹੋਣ ਵਾਲਾ।'' ਉਨ੍ਹਾਂ ਕਿਹਾ, ''ਮੈਨੂੰ ਲੱਗਦਾ ਹੈ ਕਿ ਸਮਾਂ ਆ ਗਿਆ ਹੈ ਇਹ ਵਿਖਾਇਆ ਜਾਵੇ ਕਿ ਅਸੀਂ ਬਿਨਾਂ ਜਵਾਬ ਦਿਤੇ ਇਸ ਨੂੰ ਛੱਡਣ ਨਹੀਂ ਵਾਲੇ।''
ਉਨ੍ਹਾਂ ਕਿਹਾ, ''ਰੂਸ ਅਤਿਵਾਦ ਅਤੇ ਸਾਈਬਰ ਅਪਰਾਧ ਸਮੇਤ ਵੱਖ-ਵੱਖ ਮੁੱਦਿਆਂ 'ਤੇ ਅਮਰੀਕਾ ਨਾਲ ਸਹਿਯੋਗ ਕਰਨ ਲਈ ਤਿਆਰ ਹੈ ਪਰ ਉਸ ਨੂੰ ਸਿਰਫ਼ ਇਹੀ ਆਧਾਰਹੀਨ ਦੋਸ਼ ਸੁਨਣ ਨੂੰ ਮਿਲਦੇ ਹਨ ਕਿ ਉਸ ਨੇ ਅਮਰੀਕੀ ਘਰੇਲੂ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕੀਤੀ।'' ਪੁਤਿਨ ਨੇ ਇਹ ਵੀ ਦਸਿਆ ਕਿ ਉਹ ਮਾਸਕੋ ਦੇ ਬਾਹਰੀ ਇਲਾਕੇ ਵਿਚ ਇਕ ਅਮਰੀਕੀ ਆਰਾਮਘਰ ਅਤੇ ਉਸ ਦੇ ਗੋਦਾਮਾਂ ਨੂੰ ਬੰਦ ਕਰ ਰਹੇ ਹਨ। ਡਿਪਲੋਮੈਟ ਰੂਪ ਵਿਚ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਇਹ ਪ੍ਰਕਿਰਿਆ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਦੇ ਕਾਰਜਕਾਲ ਵਿਚ ਸ਼ੁਰੂ ਹੋਈ। ਸਾਲ 2016 ਦੀ ਰਾਸ਼ਟਰਪਤੀ ਚੋਣ ਵਿਚ ਰੂਸੀ ਦਖਲ ਦੀਆਂ ਖ਼ਬਰਾਂ ਮਗਰੋਂ ਉਬਾਮਾ ਨੇ 35 ਰੂਸੀ ਡਿਪਲੋਮੈਟਾਂ ਨੂੰ ਹਟਾਉਣ ਦੇ ਆਦੇਸ਼ ਦਿਤੇ ਸਨ ਅਤੇ ਅਮਰੀਕਾ ਵਿਚ ਦੋ ਰੂਸੀ ਆਰਾਮ ਘਰਾਂ ਨੂੰ ਬੰਦ ਕਰ ਦਿਤਾ ਸੀ। (ਪੀਟੀਆਈ)