ਰੂਸ ਨੇ ਆਈ.ਸੀ.ਬੀ.ਐਮ. ਪ੍ਰਮਾਣੂ ਮਿਜ਼ਾਇਲ ਦੀ ਕੀਤਾ ਸਫ਼ਲ ਪ੍ਰੀਖਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਸਮੇਤ ਪੂਰੀ ਦੁਨੀਆ ਇਸ ਦੇ ਦਾਇਰੇ 'ਚ

Nuclear Missile

 ਇਕ ਪਾਸੇ ਸੀਰੀਆ ਅਤੇ ਉਤਰ ਕੋਰੀਆ ਪੂਰੀ ਦੁਨੀਆ 'ਚ ਤਣਾਅ ਦਾ ਮਾਹੌਲ ਪੈਦਾ ਕਰ ਰਹੇ ਹਨ ਤਾਂ ਦੂਜੇ ਪਾਸੇ ਰੂਸ ਨੇ ਨਵੀਂ ਪੀੜ੍ਹੀ ਦੀ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਇਲ (ਆਈ.ਸੀ.ਬੀ.ਐਮ.) ਦਾ ਸਫ਼ਲ ਪ੍ਰੀਖਣ ਕਰ ਕੇ ਸੱਭ ਨੂੰ ਹੈਰਾਨ ਕਰ ਦਿਤਾ ਹੈ। ਜ਼ਿਕਰਯੋਗ ਹੈ ਕਿ ਅਪਣੇ ਸਾਲਾਨਾ ਭਾਸ਼ਣ 'ਚ ਪੁਤਿਨ ਨੇ ਇਸ ਸਬੰਧੀ ਜ਼ਿਕਰ ਵੀ ਕੀਤਾ ਸੀ।ਰੂਸ ਦੇ ਇਸ ਕਦਮ ਨੂੰ ਨਾਰਥ ਅਟਲਾਂਟਿਕ ਟ੍ਰੀਟੀ ਆਗਰੇਨਾਈਜੇਸ਼ਨ (ਨਾਟੋ) ਨੇ ਪ੍ਰਮਾਣੂ ਹਥਿਆਰਾਂ ਦੀ ਦੌੜ ਨੂੰ ਹੁੰਗਾਰਾ ਦੇਣ ਵਾਲਾ ਕਰਾਰ ਦਿਤਾ ਹੈ। ਨਾਲ ਹੀ ਰੂਸ ਦੀ ਇਸ ਮਿਜ਼ਾਇਲ ਨੂੰ ਸ਼ੈਤਾਨ-2 ਦਾ ਨਾਮ ਦਿਤਾ ਹੈ।ਜਾਣਕਾਰੀ ਮੁਤਾਬਕ ਇਸ ਦਾ ਸਹੀ ਨਾਮ ਆਰ.ਐਸ.-28 ਸਰਮਤ ਹੈ, ਜਿਸ ਨੂੰ ਆਰਕਟਿਕ ਖੇਤਰ ਦੇ ਨਜ਼ਦੀਕ ਕੇਂਦਰ ਤੋਂ ਛੱਡਿਆ ਗਿਆ। ਇਸ ਦਾ ਪਹਿਲਾ ਪ੍ਰੀਖਣ ਦਸੰਬਰ 2017 'ਚ ਕੀਤਾ ਗਿਆ ਸੀ। ਇਹ ਸੋਵੀਅਤਕਾਲੀਨ ਆਈ.ਸੀ.ਬੀ.ਐਮ. ਵੋਯੇਵੋਦਾ ਦਾ ਸਮਾਨ ਲਵੇਗੀ।

ਵੋਯੇਵੋਦਾ ਦਾ ਸੇਵਾਕਾਲ 2024 'ਚ ਪੂਰਾ ਹੋ ਰਿਹਾ ਹੈ। ਇਸ ਨੂੰ ਵਿਕਸਿਤ ਦੇਸ਼ ਸ਼ੈਤਾਨ ਦੇ ਨਾਮ ਨਾਲ ਪੁਕਾਰਦੇ ਹਨ। ਅਮਰੀਕਾ ਸਮੇਤ ਹੋਰ ਵਿਕਸਿਤ ਦੇਸ਼ਾਂ ਨੂੰ ਡਰ ਹੈ ਕਿ ਰੂਸ ਇਕ ਵਾਰ ਫਿਰ ਅਪਣੇ ਪ੍ਰਮਾਣੂ ਹਥਿਆਰਾਂ ਦੇ ਦਮ 'ਤੇ ਦੁਨੀਆ 'ਚ ਖ਼ੌਫ਼ ਦਾ ਮਾਹੌਲ ਬਣਾ ਸਕਦਾ ਹੈ। ਰਾਸ਼ਟਰਪਤੀ ਪੁਤਿਨ ਨੇ ਪਿਛਲੇ ਕੁਝ ਸਾਲਾਂ 'ਚ ਜਿਸ ਤਰ੍ਹਾਂ ਕੌਮਾਂਤਰੀ ਪੱਧਰ ਦੇ ਵਿਵਾਦਤ ਮੁਦਿਆਂ 'ਤੇ ਸਖ਼ਤੀ ਦਿਖਾਈ ਹੈ, ਉਸ ਤੋਂ ਵਿਕਸਿਤ ਦੇਸ਼ਾਂ ਸਾਹਮਣੇ ਨਵੀਂ ਚੁਣੌਤੀ ਖੜ੍ਹੀ ਹੋ ਗਈ ਹੈ।ਰੂਸੀ ਆਰ.ਐਸ.-28 ਸਰਮਤ ਪ੍ਰਮਾਣੂ ਆਈ.ਸੀ.ਬੀ.ਐਮ. ਮਿਜ਼ਾਇਲ ਉਤਰੀ ਧਰੂਵ ਅਤੇ ਦੱਖਣੀ ਧਰੂਵ ਨੂੰ ਪਾਰ ਕਰਨ ਦੀ ਸਮਰਥਾ ਰੱਖਦੀ ਹੈ ਜੋ ਰੂਸ ਅਤੇ ਅਮਰੀਕਾ ਦਰਮਿਆਨ ਸੱਭ ਤੋਂ ਛੋਟਾ ਰਸਤਾ ਹੈ। ਰੂਸ ਦੀ ਇਕ ਏਜੰਸੀ ਮੁਤਾਬਕ ਇਸ ਦੀ ਮਾਰ ਕਰਨ ਦੀ ਸਮਰਥਾ 11 ਹਜ਼ਾਰ ਕਿਲੋਮੀਟਰ ਹੈ। ਇਹ ਅਪਣੇ ਨਾਲ 100 ਟਨ ਲਗਭਗ 10 ਪ੍ਰਮਾਣੂ ਹਥਿਆਰਾਂ ਦੇ ਬਰਾਬਰ ਵਜ਼ਨ ਲਿਜਾ ਸਕਦੀ ਹੈ। ਸਰਮਤ ਦਾ ਉਤਪਾਦਨ 2020 ਤੋਂ ਸ਼ੁਰੂ ਕੀਤਾ ਜਾਵੇਗਾ ਅਤੇ 2021 'ਚ ਇਸ ਨੂੰ ਫ਼ੌਜ 'ਚ ਸ਼ਾਮਲ ਕਰ ਦਿਤਾ ਜਾਵੇਗਾ।   (ਏਜੰਸੀ)