ਸੋਹੈਲ ਮਹਿਮੂਦ ਬਣੇ ਪਾਕਿਸਤਾਨ ਦੇ ਨਵੇਂ ਵਿਦੇਸ਼ ਸਕੱਤਰ
ਭਾਰਤ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੋਹੈਲ ਮਹਿਮੂਦ ਨੂੰ ਦੇਸ਼ ਦਾ ਨਵਾਂ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ
ਇਸਲਾਮਾਬਾਦ : ਭਾਰਤ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੋਹੈਲ ਮਹਿਮੂਦ ਨੂੰ ਦੇਸ਼ ਦਾ ਨਵਾਂ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਕੁਰੈਸ਼ੀ ਨੇ ਮੁਲਤਾਨ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਚਰਚਾ ਕੀਤੇ ਜਾਣ ਤੋਂ ਬਾਅਦ ਮਹਿਮੂਦ ਨੂੰ ਵਿਦੇਸ਼ ਸਕੱਤਰ ਵਜੋਂ ਨਿਯੁਕਤ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ।
ਉਨ੍ਹਾਂ ਨੇ ਦਸਿਆ, ''ਮੌਜੂਦਾ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ 16 ਅਪ੍ਰੈਲ ਨੂੰ ਰਿਟਾਇਰ ਹੋਵੇਗੀ।'' ਕੁਰੈਸ਼ੀ ਨੇ ਜੰਜੂਆ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ ਕੀਤਾ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਭਾਰਤ ਵਿਚ ਮਹਿਮੂਦ ਦੀ ਜਗ੍ਹਾ ਕਿਸ ਨੂੰ ਨਿਯੁਕਤ ਕੀਤਾ ਜਾਵੇਗਾ। ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਸਨਿਚਰਵਾਰ ਨੂੰ ਫ਼ੋਨ 'ਤੇ ਮਹਿਮੂਦ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਨਵੀਂ ਨਿਯੁਕਤੀ ਲਈ ਵਧਾਈ ਦਿਤੀ। ਮਹਿਮੂਦ ਨੂੰ ਅਗਸਤ 2017 ਵਿਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਭਾਰਤ ਭੇਜੇ ਜਾਣ ਦੇ ਸਮੇਂ ਉਹ ਤੁਰਕੀ ਵਿਚ ਰਾਜਦੂਤ ਦੇ ਰੂਪ 'ਚ ਕੰਮ ਕਰ ਰਹੇ ਸਨ। (ਪੀਟੀਆਈ)