ਇਮੀਗ੍ਰੇਸ਼ਨ ਘੁਟਾਲੇ ਮਗਰੋਂ ਬ੍ਰਿਟੇਨ ਦੀ ਗ੍ਰਹਿ ਮੰਤਰੀ ਨੇ ਅਸਤੀਫ਼ਾ ਦਿਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿ ਬੱਸ ਡਰਾਈਵਰ ਦਾ ਬੇਟਾ ਬਣਿਆ ਨਵਾਂ ਗ੍ਰਹਿ ਮੰਤਰੀ

Amber Rood

ਲੰਦਨ, 30 ਅਪ੍ਰੈਲ : ਬ੍ਰਿਟਿਸ਼ ਵਿਦੇਸ਼ ਮੰਤਰੀ ਅੰਬਰ ਰੂਡ ਨੇ ਸੋਮਵਾਰ ਨੂੰ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਬ੍ਰਿਟੇਨ 'ਚ ਪ੍ਰਵਾਸੀਆਂ ਨਾਲ ਗ਼ਲਤ ਵਿਵਹਾਰ ਕਰਨ ਦੇ ਦੋਸ਼ 'ਚ ਵਿਰੋਧੀ ਧਿਰ ਵਲੋਂ ਪਾਏ ਜਾ ਰਹੇ ਭਾਰੀ ਦਬਾਅ ਮਗਰੋਂ ਬ੍ਰਿਟਿਸ਼ ਗ੍ਰਹਿ ਮੰਤਰੀ ਨੇ ਅਸਤੀਫ਼ਾ ਦੇ ਦਿਤਾ।ਲੰਮੇ ਸਮੇਂ ਤੋਂ ਬ੍ਰਿਟਿਸ਼ ਨਾਗਰਿਕ ਰਹੇ ਲੋਕਾਂ ਨੂੰ ਗ਼ਲਤ ਤਰੀਕੇ ਨਾਲ ਗ਼ੈਰ-ਕਾਨੂੰਨੀ ਪ੍ਰਵਾਸੀ ਬਣਾਏ ਜਾਣ ਦੇ ਘੁਟਾਲੇ ਮਗਰੋਂ ਅੰਬਰ ਰੂਡ ਨੂੰ ਇਹ ਫ਼ੈਸਲਾ ਲੈਣਾ ਪਿਆ। ਰੂਡ ਨੂੰ ਅੱਜ ਹਾਊਸ ਆਫ਼ ਕਾਮਨਜ਼ ਵਿਚ ਇਕ ਬਿਆਨ ਦੇਣਾ ਸੀ। ਇਹ ਮਾਮਲਾ ਕੈਰੇਬੀਆਈ ਪ੍ਰਵਾਸੀਆਂ ਨਾਲ ਜੁੜਿਆ ਸੀ, ਜਿਨ੍ਹਾਂ ਨੂੰ 1940 ਦੇ ਦਹਾਕੇ ਦੇ ਤਥਾਕਥਿਤ 'ਵਿੰਡਰਸ਼ ਜੈਨਰੇਸ਼ਨ' ਵਲੋਂ ਬ੍ਰਿਟੇਨ ਲਿਆਇਆ ਗਿਆ ਸੀ।ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦੇ ਦੇਸ਼ ਨਿਕਾਲਾ ਟੀਚਿਆਂ ਅਤੇ ਇਸ ਦੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਹੋਣ ਨੂੰ ਲੈ ਕੇ ਉਨ੍ਹਾਂ ਦੀ ਆਲੋਚਨਾ ਹੋ ਰਹੀ ਸੀ।

ਡਾਊਨਿੰਗ ਸਟਰੀਟ ਦੇ ਇਕ ਬੁਲਾਰੇ ਨੇ ਦਸਿਆ, ''ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਐਤਵਾਰ ਰਾਤ ਗ੍ਰਹਿ ਮੰਤਰੀ ਦਾ ਅਸਤੀਫਾ ਸਵੀਕਾਰ ਕਰ ਲਿਆ।'' ਅੰਬਰ ਨੇ ਅਸਤੀਫੇ ਬਾਰੇ ਅਪਣੇ ਫ਼ੈਸਲੇ ਨੂੰ ਲੈ ਕੇ ਟੈਲੀਫੋਨ 'ਤੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿਤੀ।ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਅਖ਼ਬਾਰ 'ਦੀ ਗਾਰਜ਼ੀਅਨ' ਦੀ ਰੀਪੋਰਟ ਮਗਰੋਂ ਇਹ ਮਾਮਲਾ ਗਰਮਾਇਆ ਸੀ। ਰੀਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਦਹਾਕਿਆਂ ਪਹਿਲਾਂ ਜਿਹੜੇ ਕੈਰੇਬੀਆਈ ਲੋਕ ਬ੍ਰਿਟੇਨ 'ਚ ਆ ਕੇ ਵਸੇ ਹਨ, ਉਨ੍ਹਾਂ ਦੀਆਂ ਮੈਡੀਕਲ ਸਹੂਲਤਾਂ ਰੋਕ ਦਿਤੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਸਥਾਈ ਰਿਹਾਇਸ਼ੀ ਕਾਗ਼ਜੀ ਕਾਰਵਾਈ ਪੂਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਦੇਸ਼ ਛੱਡਣ ਲਈ ਧਮਕਾਇਆ ਜਾ ਰਿਹਾ ਹੈ। (ਪੀਟੀਆਈ)