ਕਲਪਨਾ ਚਾਵਲਾ 'ਅਮਰੀਕੀ ਹੀਰੋ' : ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉਨ੍ਹਾਂ ਕਿਹਾ ਕਿ ਉਹ ਪੁਲਾੜ 'ਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ।

Donald Trump

ਵਾਸ਼ਿੰਗਟਨ, 1 ਮਈ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੀ ਪੁਲਾੜ ਯਾਤਰੀ ਕਲਪਨਾ ਚਾਵਲਾ ਦੀ ਸ਼ਲਾਘਾ ਕੀਤੀ। ਨਾਸਾ ਦੇ ਪੁਲਾੜ ਪ੍ਰੋਗਰਾਮ ਲਈ ਅਪਣਾ ਜੀਵਨ ਸਮਰਪਤ ਕਰਨ ਵਾਲੀ ਕਲਪਨਾ ਨੂੰ ਟਰੰਪ ਨੇ 'ਅਮਰੀਕੀ ਹੀਰੋ' ਦਸਿਆ। ਉਨ੍ਹਾਂ ਕਿਹਾ ਕਿ ਉਹ ਪੁਲਾੜ 'ਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ। ਕਲਪਨਾ ਨੇ ਲੱਖਾਂ ਲੜਕੀਆਂ ਨੂੰ ਪੁਲਾੜ ਯਾਤਰੀ ਬਣਨ ਲਈ ਪ੍ਰੇਰਿਤ ਕੀਤਾ ਹੈ। ਟਰੰਪ ਨੇ ਮੰਗਲਵਾਰ ਨੂੰ ਮਈ ਮਹੀਨੇ ਨੂੰ 'ਏਸ਼ੀਅਨ/ਅਮਰੀਕੀ ਐਂਡ ਪੈਸੇਫਿਕ ਆਈਲੈਂਡਰ ਹੈਰੀਟੇਜ ਮੰਥ' ਐਲਾਨ ਕਰਨ ਦਾ ਨਿਰਦੇਸ਼ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਨੇ ਕਲਪਨਾ ਚਾਵਲਾ ਦੇ ਯੋਗਦਾਨ ਨੂੰ ਯਾਦ ਕੀਤਾ।ਟਰੰਪ ਨੇ ਕਿਹਾ, ''ਅਮਰੀਕਾ ਅਜਿਹਾ ਦੇਸ਼ ਹੈ ਜੋ ਮਿਹਨਤੀ, ਇਮਾਨਦਾਰ ਅਤੇ ਜ਼ਿੰਦਗੀ ਦੇ ਆਦਰਸ਼ਾਂ ਲਈ ਪ੍ਰਤੀਬੱਧ ਲੋਕਾਂ ਦੀ ਕਦਰ ਕਰਦਾ ਹੈ। ਕਲਪਨਾ ਚਾਵਲਾ ਦੀਆਂ ਉਪਲੱਬਧੀਆਂ ਲਈ ਕਾਂਗਰਸ ਨੇ ਕਲਪਨਾ ਦੇ ਮਰਨ ਤੋਂ ਬਾਅਦ ਉਸ ਨੂੰ ਕਾਂਗਰੇਸ਼ਨਲ ਸਪੇਸ ਮੈਡਲ ਨਾਲ ਸਨਮਾਨਤ ਕੀਤਾ।

ਏਅਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਨੇ ਮਰਨ ਤੋਂ ਬਾਅਦ ਕਲਪਨਾ ਨੂੰ ਨਾਸਾ ਸਪੇਸ ਫ਼ਲਾਈਟ ਮੈਡਲ ਅਤੇ ਨਾਸਾ ਵਿਸ਼ੇਸ਼ ਸੇਵਾ ਮੈਡਲ ਦਿਤਾ।'' ਟਰੰਪ ਨੇ ਕਿਹਾ, ''ਕਲਪਨਾ ਚਾਵਲਾ ਦਾ ਸਾਹਸ ਅਤੇ ਜਨੂੰਨ ਲੱਖਾਂ ਅਮਰੀਕੀ ਲੜਕੀਆਂ ਲਈ ਇਕ ਪ੍ਰੇਰਣਾ ਦੇ ਰੂਪ 'ਚ ਕੰਮ ਕਰਦਾ ਹੈ, ਜੋ ਇਕ ਦਿਨ ਸਪੇਸ ਯਾਤਰੀ ਬਣਨ ਦਾ ਸੁਪਨਾ ਵੇਖਦੀਆਂ ਹਨ।''ਜ਼ਿਕਰਯੋਗ ਹੈ ਕਿ ਕਲਪਨਾ ਚਾਵਲਾ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਐਰੋਨੋਟਲ ਇੰਜੀਨੀਅਰਿੰਗ ਡਿਗਰੀ ਪੂਰੀ ਕੀਤੀ। ਸਾਲ 1982 ਵਿਚ ਮਾਸਟਰ ਡਿਗਰੀ ਲਈ ਉਹ ਅਮਰੀਕਾ ਗਈ। ਇਥੇ ਕਲਪਨਾ ਨੇ ਐਰੋਸਪੇਸ ਇੰਜੀਨੀਅਰਿੰਗ ਪੂਰੀ ਕੀਤੀ। ਸਾਲ 1988 ਵਿਚ ਕਲਪਨਾ ਨੇ ਨਾਸਾ ਵਿਚ ਕੰਮ ਸ਼ੁਰੂ ਕੀਤਾ ਅਤੇ ਸਾਲ 1997 ਵਿਚ ਪਹਿਲੀ ਵਾਰੀ ਸਪੇਸ ਵਿਚ ਉਡਾਨ ਭਰੀ ਸੀ। ਸਾਲ 2003 ਵਿਚ ਦੂਜੀ ਵਾਰੀ ਕਲਪਨਾ ਨੇ ਸਪੇਸ ਵਿਚ ਉਡਾਣ ਭਰੀ ਸੀ। ਉਹ ਸਾਲ 2003 'ਚ ਕੋਲੰਬੀਆ ਸਪੇਸ ਸ਼ਟਲ ਹਾਦਸੇ ਵਿਚ ਮਾਰੇ ਗਏ 7 ਯਾਤਰੀਆਂ ਵਿਚੋਂ ਇਕ ਸੀ। (ਪੀਟੀਆਈ)