ਲੜਕੀ ਨਾਲ ਸਮੂਹਕ ਬਲਾਤਕਾਰ ਨੂੰ ਅਦਾਲਤ ਨੇ ਝੂਠਾ ਦਸਿਆ
ਅਦਾਲਤ ਦੇ ਫ਼ੈਸਲੇ ਵਿਰੁਧ ਸਪੇਨ 'ਚ ਰੋਸ ਪ੍ਰਦਰਸ਼ਨ
ਮੈਡ੍ਰਿਡ, 30 ਅਪ੍ਰੈਲ : ਸਪੇਨ ਦੀ ਅਦਾਲਤ ਨੇ ਇਕ ਮਾਮਲੇ 'ਚ ਅਜਿਹਾ ਫ਼ੈਸਲਾ ਦਿਤਾ, ਜਿਸ ਮਗਰੋਂ ਹਜ਼ਾਰਾਂ ਲੋਕ ਸੜਕ 'ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਜਾਣਕਾਰੀ ਮੁਤਾਬਕ ਅਦਾਲਤ ਨੇ ਇਕ 18 ਸਾਲਾ ਸਮੂਹਕ ਬਲਾਤਕਾਰ ਪੀੜਤਾ ਦੇ ਦੋਸ਼ੀਆਂ ਨੂੰ ਬੇਹੱਦ ਹੋਛੀ ਦਲੀਲ ਦੇ ਆਧਾਰ 'ਤੇ ਰਿਹਾਅ ਕਰ ਦਿਤਾ।ਮੀਡੀਆ ਰੀਪੋਰਟ ਮੁਤਾਬਕ ਦੋ ਸਾਲ ਪਹਿਲਾਂ ਇਸ ਲੜਕੀ ਨਾਲ 5 ਮਰਦਾਂ ਨੇ ਸਮੂਹਕ ਬਲਾਤਕਾਰ ਕੀਤਾ ਸੀ। ਦੋਸ਼ੀਆਂ ਨੇ ਇਸ ਘਟਨਾ ਦੀ ਵੀਡੀਉ ਵੀ ਬਣਾਈ ਸੀ, ਜਿਸ ਨੂੰ ਬਾਅਦ 'ਚ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿਤਾ ਸੀ। ਇਹ ਸ਼ਰਮਨਾਕ ਵਾਰਦਾਰ ਸਪੇਨ ਦੇ ਪ੍ਰਸਿੱਧ ਬੁਲ ਫੈਸਟੀਵਲ ਦੀ ਹੈ। ਇਕ ਅੰਰਗੇਜ਼ੀ ਅਖ਼ਬਾਰ ਮੁਤਾਬਕ ਵੀਡੀਉ 'ਚ ਲੜਕੀ ਦੀਆਂ ਅੱਖਾਂ ਬੰਦ ਸਨ ਅਤੇ ਉਹ ਬੇਹੋਸ਼ੀ ਦੀ ਹਾਲਤ 'ਚ ਨਜ਼ਰ ਆ ਰਹੀ ਸੀ। ਅਦਾਲਤ 'ਚ ਦੋਸ਼ੀਆਂ ਦੇ ਵਕੀਲ ਨੇ ਇਸ ਗੱਲ ਨੂੰ ਇੰਝ ਪੇਸ਼ ਕੀਤਾ ਕਿ ਲੜਕੀ ਨੇ ਖ਼ੁਦ ਸਰੀਰਕ ਸਬੰਧ ਬਣਾਉਣ ਦੀ ਸਹਿਮਤੀ ਦਿਤੀ ਸੀ।
ਇਸ ਤੋਂ ਇਲਾਵਾ ਦੋਸ਼ੀਆਂ ਨੇ ਮਾਮਲੇ ਨੂੰ ਅਪਣੇ ਪੱਖ 'ਚ ਕਰਨ ਲਈ ਇਕ ਪ੍ਰਾਈਵੇਟ ਜਾਸੂਸ ਨੂੰ ਲੜਕੀ 'ਤੇ ਨਜ਼ਰ ਰੱਖਣ ਲਈ ਕਿਹਾ। ਜਾਸੂਸ ਨੇ ਇਸ ਲੜਕੀ ਦੀ ਹੱਸਦੇ ਅਤੇ ਅਪਣੇ ਦੋਸਤਾਂ ਨਾਲ ਗੱਲਬਾਤ ਕਰਦਿਆਂ ਦੀ ਕੁਝ ਤਸਵੀਰਾਂ ਖਿੱਚੀਆਂ। ਇਨ੍ਹਾਂ ਤਸਵੀਰਾਂ ਦੇ ਆਧਾਰ 'ਤੇ ਦੋਸ਼ੀਆਂ ਦੇ ਵਕੀਲ ਨੇ ਕਿਹਾ ਕਿ ਲੜਕੀ ਸਰੀਰਕ ਸਬੰਧ ਬਣਾਉਣ ਸਮੇਂ ਖ਼ੁਸ਼ ਸੀ। ਪੀੜਤਾ ਦੇ ਵਕੀਲ ਨੇ ਇਨ੍ਹਾਂ ਤਰਕਾਂ ਦਾ ਸਖ਼ਤ ਵਿਰੋਧ ਕੀਤਾ। ਲਗਭਗ ਦੋ ਸਾਲ ਤਕ ਇਸ ਮਾਮਲੇ ਦੀ ਸੁਣਵਾਈ ਹੋਈ। ਅਦਾਲਤ ਨੇ ਦੋਸ਼ੀਆਂ ਨੂੰ ਬਲਾਤਕਾਰ ਦੇ ਮਾਮਲੇ ਤੋਂ ਬਰੀ ਕਰ ਕੇ ਸਿਰਫ਼ ਜਿਨਸੀ ਸ਼ੋਸ਼ਣ ਦਾ ਦੋਸ਼ੀ ਕਰਾਰ ਦਿਤਾ। ਹਾਲਾਂਕਿ ਅਦਾਲਤ ਨੇ ਇਨ੍ਹਾਂ ਨੂੰ 9 ਸਾਲ ਦੀ ਸਜ਼ਾ ਸੁਣਾਈ ਅਤੇ 8-8 ਲੱਖ ਰੁਪਏ ਦਾ ਮੁਆਵਾਜ਼ ਦੇਣ ਦਾ ਵੀ ਆਦੇਸ਼ ਦਿਤਾ। ਇਸ ਫ਼ੈਸਲੇ ਮਗਰੋਂ ਇਕ ਆਨਲਾਈਨ ਪਟੀਸ਼ਨ ਵੀ ਪਾਈ ਗਈ ਹੈ, ਜਿਸ 'ਚ 12 ਲੱਖ ਲੋਕਾਂ ਨੇ ਟ੍ਰਾਇਲ ਜੱਜ ਨੂੰ ਹਟਾਉਣ ਦੀ ਮੰਗ 'ਤੇ ਹਸਤਾਖ਼ਰ ਕੀਤੇ ਹਨ। (ਏਜੰਸੀ)