ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ ਅਫ਼ਗ਼ਾਨਿਸਤਾਨ ’ਚ ਹਿੰਦੂ-ਸਿੱਖ ਸ਼ਰਣਾਰਥੀਆਂ ਲਈ ਪ੍ਰਗਟਾਈ ਚਿੰਤਾ
ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਹਿਤ ਖੰਨਾ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਅਫ਼ਗ਼ਾਨਿਸਤਾਨ ਵਿਚ ਘੱਟ ਗਿਣਤੀ
ਵਾਸ਼ਿੰਗਟਨ, 30 ਅਪ੍ਰੈਲ : ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਹਿਤ ਖੰਨਾ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਅਫ਼ਗ਼ਾਨਿਸਤਾਨ ਵਿਚ ਘੱਟ ਗਿਣਤੀ ਸਿੱਖ ਅਤੇ ਹਿੰਦੂ ਪ੍ਰਵਾਰਾਂ ਦੀ ਸੁਰੱਖਿਆ ਬਾਰੇ ਚਿੰਤਾ ਪ੍ਰਗਟ ਕੀਤੀ ਹੈ, ਜਿਨ੍ਹਾਂ ਨੂੰ ਏਸ਼ੀਆਈ ਦੇਸ਼ ਵਿਚ ਅਤਿਵਾਦੀ ਸੰਗਠਨਾਂ ਵਲੋਂ ਲਗਾਤਾਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿਦੇਸ਼ ਮੰਤਰੀ ਮਾਈਕ ਪੋਂਪੀਉ ਅਤੇ ਗ੍ਰਹਿ ਸੁਰੱਖਿਆ ਮਾਮਲਿਆਂ ਦੇ ਕਾਰਜਕਾਰੀ ਮੰਤਰੀ ਚਾਡ ਐੱਫ. ਵੋਲਫ ਨੂੰ ਲਿਖੇ ਇਕ ਪੱਤਰ ਵਿਚ, ਖੰਨਾ ਨੇ ਯੁੱਧ ਪ੍ਰਭਾਵਤ ਦੇਸ਼ ਵਿਚ ਧਾਰਮਕ ਘੱਟ ਗਿਣਤੀਆਂ ਦੀ ਸਿਹਤ ਅਤੇ ਸੁਰੱਖਿਆ ਬਾਰੇ ਚਿੰਤਾ ਪ੍ਰਗਟ ਕੀਤੀ ਅਤੇ ਲਿਖਿਆ, “ਅਫ਼ਗ਼ਾਨਿਸਤਾਨ ਵਿਚ ਲਗਭਗ 200 ਹਿੰਦੂ ਅਤੇ ਸਿੱਖ ਪ੍ਰਵਾਰ ਹਨ।’’ ਉਨ੍ਹਾਂ ਕਿਹਾ ਕਿ 18,000 ਸ਼ਰਣਾਰਥੀਆਂ ਦੇ ਮੁੜ ਵਸੇਬੇ ਦਾ ਪ੍ਰਸਤਾਵ ਰਖਿਆ ਸੀ, ਜਿਸ ਵਿਚੋਂ 5000 ਉਹ ਲੋਕ ਸ਼ਾਮਲ ਸਨ ਜੋ ਧਰਮ ਜਾਂ ਹੋਰ ਸੁਰੱਖਿਆ ਦੇ ਅਧਾਰ ’ਤੇ ਸਤਾਏ ਗਏ ਸਨ।
ਇਸ ਤੋਂ ਇਲਾਵਾ 7,500 ਲੋਕਾਂ ਨੂੰ ਕਿਸੇ ਵੀ ਸਥਾਨ ’ਤੇ ਅਮਰੀਕੀ ਦੂਤਘਰ ਵਲੋਂ ਅਮਰੀਕੀ ਸ਼ਰਣਾਰਥੀ ਐਂਟਰੀ ਪ੍ਰੋਗਰਾਮ (ਯੂ. ਐੱਸ. ਆਰ. ਪੀ.) ਲਈ ਭੇਜਿਆ ਜਾ ਸਕਦਾ ਹੈ।’’ ਖੰਨਾ ਨੇ ਕਿਹਾ, ‘‘ਅਫ਼ਗ਼ਾਨਿਸਤਾਨ ਵਿਚ ਸਿੱਖਾਂ ਅਤੇ ਹਿੰਦੂਆਂ ਵਿਰੁਧ ਵੱਧ ਰਹੀ ਹਿੰਸਾ ਕਾਰਨ ਉਨ੍ਹਾਂ ਨੂੰ ਸੰਭਾਵਿਤ ਖਤਰਾ ਹੈ । ਮੈਂ ਕਾਬੁਲ ਵਿਚ ਅਮਰੀਕੀ ਦੂਤਘਰ ਨੂੰ ਬੇਨਤੀ ਕਰਦਾ ਹਾਂ
ਕਿ ਅਫ਼ਗ਼ਾਨਿਸਤਾਨ ਵਿਚ ਮੌਜੂਦ ਸਿੱਖਾਂ ਅਤੇ ਹਿੰਦੂਆਂ ਨੂੰ ਯੂ. ਐੱਸ. ਆਰ. ਪੀ. ਅਧੀਨ ਐਮਰਜੈਂਸੀ ਸਥਿਤੀ ਵਿਚ ਪਨਾਹ ਦਿਤੀ ਜਾਵੇ ਅਤੇ ਵਿਦੇਸ਼ ਮਾਮਲਿਆਂ ਅਤੇ ਗ੍ਰਹਿ ਸੁਰੱਖਿਆ ਮੰਤਰਾਲੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਿਨਾਂ ਕਿਸੇ ਇਤਰਾਜ਼ ਦੇ ਇਸ ਪ੍ਰਸਤਾਵ ਨੂੰ ਸਵਿਕਾਰ ਕਰੇ।’’ ਇਹ ਪੱਤਰ 18 ਅਪ੍ਰੈਲ ਨੂੰ ਲਿਖਿਆ ਗਿਆ ਅਤੇ ਇਸ ਵਿਚ ਕਾਬੁਲ ਵਿਚ ਅਮਰੀਕੀ ਅੰਬੈਸੀ ਦੇ ਮੁਖੀ ਜੋਸੇਫ ਵਿਲਸਨ ਨੂੰ ਵੀ ਸੰਬੋਧਿਤ ਕੀਤਾ ਗਿਆ। (ਪੀਟੀਆਈ)