ਦੁਨੀਆਂ ’ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 32 ਲੱਖ ਤੋਂ ਪਾਰ , 2.25 ਲੱਖ ਤੋਂ ਵਧੇਰੇ ਮੌਤਾਂ
ਦੁਨੀਆ ਭਰ ਦੇ ਕੋਰੋਨਾ ਵਾਇਰਸ ਦੇ ਮਾਮਲਿਆਂ ’ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਵਰਲਡ-ਓ-ਮੀਟਰ ਮੁਤਾਬਕ ਕੋਰੋਨਾ ਵਾਇਰਸ ਮਰੀਜ਼ਾਂ ਦਾ ਅੰਕੜਾ 32 ਲੱਖ
ਜਿਨੇਵਾ, 30 ਅਪ੍ਰੈਲ : ਦੁਨੀਆ ਭਰ ਦੇ ਕੋਰੋਨਾ ਵਾਇਰਸ ਦੇ ਮਾਮਲਿਆਂ ’ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਵਰਲਡ-ਓ-ਮੀਟਰ ਮੁਤਾਬਕ ਕੋਰੋਨਾ ਵਾਇਰਸ ਮਰੀਜ਼ਾਂ ਦਾ ਅੰਕੜਾ 32 ਲੱਖ ਦੇ ਪਾਰ ਪਹੁੰਚ ਗਿਆ ਹੈ ਤੇ ਇਸ ਮਹਾਮਾਰੀ ਕਾਰਨ 2.25 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 10 ਲੱਖ ਤੋਂ ਵਧੇਰੇ ਅਜਿਹੇ ਵੀ ਲੋਕ ਹਨ ਜੋ ਇਲਾਜ ਤੋਂ ਬਾਅਦ ਠੀਕ ਹੋ ਕੇ ਅਪਣੇ ਘਰਾਂ ਨੂੰ ਪਰਤੇ ਹਨ। ਕੋਰੋਨਾ ਵਾਇਰਸ ਨਾਲ ਸਭ ਤੋਂ ਵਧੇਰੇ ਅਮਰੀਕਾ ਪ੍ਰਭਾਵਤ ਹੈ, ਜਿਥੇ 10,64,000 ਤੋਂ ਵਧੇਰੇ ਮਾਮਲੇ ਹਨ।
ਇਸ ਤੋਂ ਬਾਅਦ ਦੂਜੇ ਤੇ ਤੀਜੇ ਨੰਬਰ ’ਤੇ ਸਪੇਨ ਤੇ ਇਟਲੀ (ਲੜੀਵਾਰ 2,36,899 ਤੇ 2,03,591 ਮਾਮਲੇ) ਹਨ। ਦੋਵਾਂ ਦੇਸ਼ਾਂ ਵਿਚ ਮੌਤਾਂ ਦੀ ਗਿਣਤੀ 24,275 ਤੇ 27,682 ਹੈ। ਇਸ ਤੋਂ ਬਾਅਦ ਫਰਾਂਸ ਵਿਚ 1,66,000 ਤੋਂ ਵਧੇਰੇ ਵਾਇਰਸ ਦੇ ਮਾਮਲੇ ਹਨ ਤੇ 24,087 ਲੋਕਾਂ ਦੀ ਮੌਤ ਹੋਈ ਹੈ। ਬ੍ਰਿਟੇਨ ਵਿਚ 1,65,221 ਮਾਮਲੇ ਸਾਹਮਣੇ ਆਏ ਹਨ ਤੇ ਜਰਮਨੀ ਵਿਚ 1,61,539 ਮਾਮਲਿਆਂ ਦੀ ਪੁਸ਼ਟੀ ਹੋਈ ਹੈ। (ਏਜੰਸੀ)
ਸਿੰਗਾਪੁਰ ’ਚ ਆਏ ਕੋਰੋਨਾ ਵਾਇਰਸ ਦੇ 528 ਨਵੇਂ ਮਾਮਲੇ
ਸਿੰਗਾਪੁਰ, 30 ਅਪ੍ਰੈਲ : ਸਿੰਗਾਪੁਰ ਵਿਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 528 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਇਥੇ ਪ੍ਰਭਾਵਤ ਲੋਕਾਂ ਦੀ ਗਿਣਤੀ ਵਧ ਕੇ 16,169 ਹੋ ਗਈ ਹੈ। ਕੋਰੋਨਾ ਵਾਇਰਸ ਨਾਲ ਪ੍ਰਭਾਵਤ ਲੋਕਾਂ ਵਿਚ ਵੱਡੀ ਗਿਣਤੀ ਵਿਦੇਸ਼ੀ ਨਾਗਰਿਕਾਂ ਦੀ ਹੈ। ਇਸ ਵਾਇਰਸ ਨਾਲ ਇਨਫੈਕਟਡ ਵਧੇਰੇ ਲੋਕ ਵਿਦੇਸ਼ੀ ਕਾਮੇ ਹਨ, ਜੋ ਸਮੂਹਾਂ ਵਿਚ ਰਹਿੰਦੇ ਹਨ। ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿਤੀ ਹੈ। ਦ ਸਟ੍ਰੇਟਸ ਟਾਈਮ ਦੀ ਖਬਰ ਮੁਤਾਬਕ ਸਿੰਗਾਪੁਰ ਵਿਚ ਕੋਰੋਨਾ ਵਾਇਰਸ ਦੀ ਜਾਂਚ ’ਤੇ ਖਾਸ ਧਿਆਨ ਦਿਤਾ ਜਾ ਰਿਹਾ ਹੈ ਤੇ ਵਾਇਰਸ ਫੈਲਣ ਦੇ ਕਾਰਨਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। (ਪੀਟੀਆਈ)