ਚੀਨੀ ਰਾਸ਼ਟਰਪਤੀ ਨੇ ਚਿੱਠੀ ਲਿਖ ਕੇ ਮੋਦੀ ਨੂੰ ਮਦਦ ਦੀ ਪੇਸ਼ਕਸ਼ ਕੀਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਸੁਨੇਹਾ ਭੇਜ ਕੇ ਭਾਰਤ ਵਿਚ ਕੋਰੋਨਾ ਸਥਿਤੀ ’ਤੇ ਦੁੱਖ ਪ੍ਰਗਟਾਇਆ।

Chinese President Xi Jinping writes to PM Modi

ਬੀਜਿੰਗ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਸੁਨੇਹਾ ਭੇਜ ਕੇ ਭਾਰਤ ਵਿਚ ਕੋਰੋਨਾ ਸਥਿਤੀ ’ਤੇ ਦੁੱਖ ਪ੍ਰਗਟਾਉਂਦਿਆਂ ਦੇਸ਼ ਵਿਚ ਕੋਰੋਨਾ ਮਾਮਲਿਆਂ ਦੇ ਵਾਧੇ ਨਾਲ ਨਜਿੱਠਣ ਲਈ ਮਦਦ ਦੀ ਪੇਸ਼ਕਸ਼ ਕੀਤੀ ਹੈ। ਸਮਾਚਾਰ ਏਜੰਸੀ ਸ਼ਿਨਹੁਆ ਦੀ ਖ਼ਬਰ ਅਨੁਸਾਰ ਰਾਸ਼ਟਰਪਤੀ ਸ਼ੀ ਨੇ ਭਾਰਤ ਵਿਚ ਕੋਰੋਨਾ ਮਹਾਂਮਾਰੀ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ਹਮਦਰਦੀ ਸੁਨੇਹਾ ਭੇਜਿਆ।

ਸ਼ੀ ਨੇ ਅਪਣੇ ਸੁਨੇਹੇ ਵਿਚ ਕਿਹਾ ਕਿ ਚੀਨ ਭਾਰਤ ਨਾਲ ਮਹਾਂਮਾਰੀ ਰੋਕੂ ਸਹਿਯੋਗ ਮਜ਼ਬੂਤ ਕਰਨ ਅਤੇ ਦੇਸ਼ ਨੂੰ ਸਮਰਥਨ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਵੀਰਵਾਰ ਨੂੰ ਵਾਅਦਾ ਕੀਤਾ ਕਿ ਕੋਰੋਨਾ ਵਿਰੁਧ ਜੰਗ ਵਿਚ ਉਨ੍ਹਾਂ ਦੇ ਦੇਸ਼ ਭਾਰਤ ਦੀ ਹਰ ਸੰਭਵ ਮਦਦ ਕਰੇਗਾ ਅਤੇ ਕਿਹਾ ਕਿ ਚੀਨ ਵਿਚ ਬਣੀ ਮਹਾਂਮਾਰੀ ਰੋਕੂ ਸਮੱਗਰੀ ਜ਼ਿਆਦਾ ਤੇਜ਼ ਗਤੀ ਨਾਲ ਭਾਰਤ ਪਹੁੰਚਾਈ ਜਾ ਰਹੀ ਹੈ।

ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਲਿਖੀ ਚਿੱਠੀ ਵਿਚ ਵਾਂਗ ਨੇ ਚੀਨੀ ਪੱਖ ਰਖਦਿਆਂ ਕਿਹਾ,‘‘ਭਾਰਤ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਉਨ੍ਹਾਂ ਪ੍ਰਤੀ ਹਮਦਰਦੀ ਰਖਦੇ ਹਾਂ ਅਤੇ ਡੂੰਘਾ ਦੁੱਖ ਪ੍ਰਗਟ ਕਰਦੇ ਹਾਂ।’’ ਭਾਰਤ ਵਿਚ ਚੀਨ ਦੇ ਸਫ਼ੀਰ ਸੁਨ ਵੇਈਦੋਂਗ ਨੇ ਇਸ ਚਿੱਠੀ ਨੂੰ ਟਵਿਟਰ ’ਤੇ ਸਾਂਝਾ ਕੀਤਾ ਹੈ। ਉਨ੍ਹਾਂ ਲਿਖਿਆ, ‘‘ਕੋਰੋਨਾ ਮਨੁੱਖਤਾ ਦਾ ਸਾਂਝਾ ਦੁਸ਼ਮਣ ਹੈ ਅਤੇ ਆਲਮੀ ਭਾਈਚਾਰੇ ਨੂੰ ਇਕਜੁਟ ਅਤੇ ਨਾਲ ਮਿਲ ਕੇ ਇਸ ਦਾ ਮੁਕਾਬਲਾ ਕਰਨ ਦੀ ਜ਼ਰੂਰਤ ਹੈ। ਚੀਨੀ ਪੱਖ ਭਾਰਤ ਸਰਕਾਰ ਅਤੇ ਉਥੋਂ ਦੇ ਲੋਕਾਂ ਦਾ, ਮਹਾਂਮਾਰੀ ਨਾਲ ਲੜਾੲਂ ਵਿਚ ਸਮਰਥਨ ਕਰਦਾ ਹੈ।’’

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਵਿਦੇਸ਼ ਮੰਤਰੀ ਵਾਂਗ ਦਾ ਸੁਨੇਹਾ ਅਜਿਹੇ ਸਮੇਂ ਆਇਆ ਹੈ, ਜਦੋਂ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਦੀ ਪੂਰਬੀ ਲੱਦਾਖ਼ ਦੇ ਬਾਕੀ ਬਚੇ ਤਣਾਅ ਵਾਲੇ ਇਲਾਕੇ ਤੋਂ ਵਾਪਸੀ ਹੋਣੀ ਬਾਕੀ ਹੈ। ਦੋਹਾਂ ਦੇਸ਼ਾਂ ਦੀ ਫ਼ੌਜ ਫ਼ਰਵਰੀ ਵਿਚ ਪੈਂਗੋਂਗ ਝੀਲ ਦੇ ਇਲਾਕੇ ਤੋਂ ਪਿੱਤੇ ਹਟੀ ਸੀ। ਭਾਰਤ ਵਿਚ ਸ਼ੁਕਰਵਾਰ ਨੂੰ ਕੋਰੋਨਾ ਮਰੀਜ਼ਾਂ ਦੇ ਮਾਮਲੇ ਪੌਣੇ ਚਾਰ ਲੱਖ ’ਤੇ ਪਹੁੰਚ ਗਏ ਤੇ 3498 ਲੋਕਾਂ ਦੀ ਮੌਤ ਹੋ ਗਈ।