ਕੁਸ਼ਤੀ ਦੌਰਾਨ ਸਿਰ ਭਾਰ ਡਿੱਗਾ ਸੂਮੋ ਪਹਿਲਵਾਨ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਾਪਾਨੀ ਮੀਡੀਆ ਮੁਤਾਬਕ ਘਟਨਾ ਤੋਂ ਬਾਅਦ ਸੂਮੋ ਪਹਿਲਵਾਨ ਨੂੰ ਮੁਢਲਾ ਇਲਾਜ ਦੇਣ ਲਈ ਉਥੇ ਕੋਈ ਮੈਡੀਕਲ ਸਟਾਫ਼ ਮੌਜੂਦ ਨਹੀਂ ਸੀ।

Sumo

ਟੋਕੀਉ : ਜਾਪਾਨ ’ਚ ਸੂਮੋ ਕੁਸ਼ਤੀ ਦੌਰਾਨ ਸਿਰ ਦੇ ਭਾਰ ਡਿੱਗਣ ਦੇ ਇਕ ਮਹੀਨੇ ਬਾਅਦ 28 ਸਾਲਾ ਪਹਿਲਵਾਨ ਹਿਬੀਕਿਰੋ ਦੀ ਮੌਤ ਹੋ ਗਈ। ਜਾਪਾਨ ਸੂਮੋ ਸੰਘ ਨੇ ਵੀਰਵਾਰ ਨੂੰ ਦਸਿਆ ਕਿ ਹਿਬੀਕਿਰੋ ਦੀ ਮੌਤ ਸਾਹ ਲੈਣ ਵਿਚ ਪਰੇਸ਼ਾਨੀ ਕਾਰਨ ਹੋਈ। ਇਸ ਘਟਨਾ ਤੋਂ ਬਾਅਦ ਜਾਪਾਨ ਵਿਚ ਖੇਡ ਦੌਰਾਨ ਮੈਡੀਕਲ ਐਮਰਜੈਂਸੀ ਸਥਿਤੀ ਦੀ ਪ੍ਰਕਿਰਿਆ ’ਤੇ ਸਵਾਲ ਉਠਣ ਲੱਗੇ ਹਨ। ਹਿਬੀਕਿਰੋ ਦਾ ਅਸਲੀ ਨਾਮ ਮਿਤਸੁਕੀ ਅਮਾਨੋ ਸੀ।

ਇਕ ਟੂਰਨਾਮੈਂਟ ਵਿਚ 26 ਮਾਰਚ ਨੂੰ ਕੁਸ਼ਤੀ ਦੌਰਾਨ ਵਿਰੋਧੀ ਪਹਿਲਵਾਨ ਨੇ ਉਨ੍ਹਾਂ ਨੂੰ ਸਿਰ ਦੇ ਭਾਰ ਸੁੱਟ ਦਿਤਾ ਸੀ। ਇਸ ਤੋਂ ਬਾਅਦ ਉਹ ਕੁੱਝ ਮਿੰਟਾਂ ਤਕ ਬੇਹੋਸ਼ ਰਹੇ। ਸੂਮੋ ਅਧਿਕਾਰੀਆਂ ਨੇ ਥੋੜ੍ਹਾ ਇੰਤਜ਼ਾਰ ਕਰਨ ਤੋਂ ਬਾਅਦ ਡਾਕਟਰਾਂ ਨੂੰ ਸੱਦਿਆ। ਸਟ੍ਰੈਚਰ ’ਤੇ ਲਿਜਾਂਦੇ ਸਮੇਂ ਉਹ ਹੋਸ਼ ਵਿਚ ਆ ਗਏ ਸਨ। ਇਸ ਪਹਿਲਵਾਨ ਨੇ ਸੂਮੋ ਅਧਿਕਾਰੀਆਂ ਨੂੰ ਕਿਹਾ ਕਿ ਅਜਿਹਾ ਲੱਗ ਰਿਹੈ ਕਿ ਉਸ ਦੇ ਹੇਠਲੇ ਸਰੀਰ ਨੂੰ ਅਧਰੰਗ ਹੋ ਗਿਆ ਹੈ। 

ਨਿਕਾਨ ਸਪੋਰਟਸ ਮੁਤਾਬਕ ਹਸਪਤਾਲ ਵਿਚ ਉਨ੍ਹਾਂ ਦੀ ਸਥਿਤੀ ਵਿਚ ਸੁਧਾਰ ਹੋ ਰਿਹਾ ਸੀ। ਜਾਪਾਨੀ ਮੀਡੀਆ ਮੁਤਾਬਕ ਘਟਨਾ ਤੋਂ ਬਾਅਦ ਸੂਮੋ ਪਹਿਲਵਾਨ ਨੂੰ ਮੁਢਲਾ ਇਲਾਜ ਦੇਣ ਲਈ ਉਥੇ ਕੋਈ ਮੈਡੀਕਲ ਸਟਾਫ਼ ਮੌਜੂਦ ਨਹੀਂ ਸੀ। ਸੂਮੋ ਅਧਿਕਾਰੀਆਂ ਨੇ ਕਿਹਾ ਕਿ ਹਿਬੀਕਿਰੋ ਦੀ ਮੌਤ ਸੱਟ ਨਾਲ ਹੋਈ ਹੈ। ਹਿਬੀਕਿਰੋ ਨੇ 2011 ਵਿਚ ਸ਼ੁਰੂਆਤ ਕੀਤੀ ਸੀ।